ਅੰਮ੍ਰਿਤਸਰ: 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ 38ਵੀਂ ਬਰਸੀ ਅੱਜ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਸੰਗਤਾਂ ਵਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਹਰਿੰਦਰ ਸਿੰਘ ਰੋਮੀ ਦੇ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ। ਅਰਦਾਸ ਉਪਰੰਤ ਪ੍ਰੋ. ਬਲਜਿੰਦਰ ਸਿੰਘ ਅਤੇ ਹੋਰ ਸ਼ਖ਼ਸੀਅਤਾਂ ਵਲੋਂ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਭਾਈ ਮਹਿੰਗਾ ਸਿੰਘ ਬੱਬਰ ਇੱਕ ਜੂਨ 1984 ਨੂੰ ਸੁਰੱਖਿਆ ਫੋਰਸਾਂ ਵੱਲੋਂ ਚਲਾਈ ਗੋਲੀ ਨਾਲ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸ਼ਹੀਦ ਹੋ ਗਏ ਸਨ। ਇਸ ਮੌਕੇ ਪਹੁੰਚੇ ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਇਤਿਹਾਸ ਵਿੱਚ ਸਿੱਖ, ਗੁਰੂ ਦੀ ਪ੍ਰੀਤ ਅਤੇ ਗੁਰੂ ਤੋਂ ਕੁਰਬਾਨ ਹੋਣ ਦੀਆਂ ਅਨੇਕਾਂ ਉਦਾਹਰਣਾਂ ਮਿਲਦੀਆਂ ਹਨ। ਇਤਿਹਾਸ ਇਹ ਵੀ ਗਵਾਹੀ ਭਰਦਾ ਹੈ ਕਿ ਗੁਰਧਾਮ ਸਿੱਖਾਂ ਨੂੰ ਜਾਨ ਤੋਂ ਵੀ ਜਿਆਦਾ ਪਿਆਰੇ ਹਨ| ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਤਾਂ ਇਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਸਿੱਖਾਂ ਨੇ ਅਣਗਿਣਤ ਸ਼ਹੀਦੀਆਂ ਦਿੱਤੀਆਂ ਹਨ।
ਉਨ੍ਹਾਂ ਕਿਹਾ ਅੱਜ ਜੂਨ 1984 ਦੇ ਘੱਲੂਘਾਰੇ ਨੂੰ 38 ਸਾਲ ਹੋ ਗਏ ਹਨ ਪਰ ਜ਼ਖ਼ਮਾਂ ਦੀ ਚੀਸ ਅਜੇ ਤੱਕ ਘਟੀ ਨਹੀਂ ਹੈ। ਖਾਲਸਾ ਜੀ, ਸਾਡੀ ਰੂਹ ਦੀ ਖੁਰਾਕ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਗੁਰਧਾਮ ਹਨ ਜਿਸ ਉੱਤੇ ਵਿਰੋਧੀ ਨਿਸ਼ਾਨਾ ਲਗਾ ਕੇ ਬੈਠੇ ਹਨ। ਅੱਜ ਦੇ ਦਿਨ ਭਾਈ ਮਹਿੰਗਾ ਸਿੰਘ ਜੀ ਬੱਬਰ ਨੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਤੇ ਸੀ.ਆਰ.ਪੀ.ਐਫ. ਵੱਲੋਂ ਕੀਤੇ ਹਮਲੇ ਦਾ ਕਈ ਘੰਟਿਆਂ ਤੱਕ ਡੱਟ ਕੇ ਮੁਕਾਬਲਾ ਕੀਤਾ ਸੀ। ਉਨ੍ਹਾਂ ਦੀ ਅਰਦਾਸ ਸੀ ਕਿ ਉਹ ਗੁਰੂ ਘਰ ਲਈ ਸ਼ਹੀਦ ਹੋਣ। ਗੁਰੂ ਸਾਹਿਬ ਨੇ ਮੇਹਰ ਕੀਤੀ ਤੇ ਉਨ੍ਹਾਂ ਨੂੰ ਘੱਲੂਘਾਰੇ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਬਖ਼ਸ਼ਿਆ ਸੀ।
ਘੱਲੂਘਾਰੇ ਦੇ ਸ਼ਹੀਦਾ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ, ਸ਼ਹੀਦ ਜਨਰਲ ਸਾਬੇਗ ਸਿੰਘ ਜੀ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਵਿੱਚ ਗੁਰੂ ਕੇ ਲਾਲਾਂ ਅਤੇ ਜੁਝਾਰੂ ਸਿੰਘਾਂ ਸਿੰਘਣੀਆਂ ਨੇ ਹਮਲਾਵਰਾਂ ਦੇ ਸਿਰਾਂ ਦੇ ਢੇਰ ਲੱਗਾ ਦਿੱਤੇ।ਅਖੀਰਲੇ ਸਵਾਸ ਤੱਕ ਗੁਰੂ ਤੋਂ ਕੁਰਬਾਨ ਹੋਣ ਦੇ ਜਜ਼ਬੇ ਨਾਲ ਸ਼ਹੀਦ ਹੋਣ ਵਾਲਿਆਂ ਨੂੰ ਕੌਮ ਅੱਜ ਕੇਸਰੀ ਪ੍ਰਨਾਮ ਕਰਦੀ ਹੈ।
ਇਹ ਵੀ ਪੜ੍ਹੋ: ਖਾਲਸਾ ਕਾਲਜ ਦੇ ਬਾਹਰ ਫਾਇਰਿੰਗ , ਇਕ ਦੀ ਮੌਤ 1 ਜਖ਼ਮੀ