ਅੰਮ੍ਰਿਤਸਰ: ਇੱਕ ਪਾਸੇ ਪੁਲਿਸ ਤਿਉਹਾਰਾਂ ਨੂੰ ਲੈ ਕੇ ਚੌਕਸੀ ਵਰਤਣ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਅਜਨਾਲਾ ਦੇ ਪਿੰਡ ਗੁੱਜਰਪੁਰਾ ਵਿਖੇ 20 ਸਾਲਾਂ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਿਕ 20 ਸਾਲਾਂ ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢ ਕੇ ਉਸ ਦਾ ਕਤਲ ਕਰਕੇ ਇਕ ਗਰਾਊਂਡ ਵਿਚ ਸੁੱਟ ਦਿੱਤਾ। ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਪੁਲਿਸ ਨੇ ਮੁਲਜ਼ਮ, ਆਈਫੋਨ ਅਤੇ ਕਤਲ ਸਮੇਂ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ।
ਮਾਮਲੇ ਸਬੰਧੀ ਡੀਐਸਪੀ ਜਸਵੀਰ ਸਿੰਘ ਨੇ ਦੱਸਿਆ ਕਿ ਥੌਮਸ ਦੇ ਕਤਲ ਦਾ ਮੁੱਖ ਕਾਰਨ ਆਈਫੋਨ ਬਣਿਆ ਹੈ। ਡੀਐਸਪੀ ਨੇ ਦੱਸਿਆ ਕਿ ਥੌਮਸ ਆਪਣਾ ਆਈਫੋਨ ਵੇਚਣ ਲਈ ਦੋਸ਼ੀ ਸੰਨੀ ਮਸੀਹ ਕੋਲ ਗਿਆ ਸੀ ਜਿਸ ਦੇ ਚਲਦੇ ਸੰਨੀ ਨੇ ਥੌਮਸ ਨਾਲ ਆਈਫੋਨ ਦਾ ਸੌਦਾ ਕਰ ਲਿਆ, ਪਰ ਪੈਸੇ ਦੇਣ ਵੇਲੇ ਸੰਨੀ ਦਾ ਮਨ ਬਦਲ ਗਿਆ ਅਤੇ ਉਸ ਨੇ ਬਿਨਾਂ ਪੈਸੇ ਦਿੱਤੇ ਥੌਮਸ ਪਾਸੋਂ ਫੋਨ ਲੈ ਲਿਆ ਅਤੇ ਉਸ ਦਾ ਕਤਲ ਕਰ ਦਿੱਤਾ।
ਡੀਐਸਪੀ ਜਸਵੀਰ ਸਿੰਘ ਨੇ ਇਹ ਵੀ ਦੱਸਿਆ ਕਿ ਕੱਲ੍ਹ ਸਵੇਰੇ ਪਿੰਡ ਗੁੱਜਰਪੁਰਾ ਦੇ ਸਕੂਲ ਦੀ ਗਰਾਉਂਡ ਨੇੜਿਓਂ ਖੇਤਾਂ ਵਿਚੋਂ ਇੱਕ ਨੌਜਵਾਨ ਦੀ ਬੇਰਹਿਮੀ ਨਾਲ ਕੱਟੀ ਵੱਢੀ ਲਾਸ਼ ਮਿਲੀ ਸੀ ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਨਾਲ ਹੀ ਮ੍ਰਿਤਕ ਦੇ ਭਰਾ ਕਰਨ ਮਸੀਹ ਦੇ ਬਿਆਨਾਂ ਤੇ ਥਾਣਾ ਅਜਨਾਲਾ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ I