ਮੁੰਬਈ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੂੰ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਯੈਸ ਬੈਂਕ ਵਿੱਚ 7250 ਕਰੋੜ ਰੁਪਏ ਦੇ ਨਿਵੇਸ਼ ਦੀ ਮਨਜ਼ੂਰੀ ਮਿਲੀ ਗਈ ਹੈ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਐਸਬੀਆਈ ਨੇ ਬੀਐਸਈ ਨੂੰ ਦੱਸਿਆ, "ਕੇਂਦਰੀ ਬੋਰਡ ਦੇ ਕਾਰਜਕਾਰੀ ਬੋਰਡ ਦੀ 11 ਮਾਰਚ ਨੂੰ ਯੈਸ ਬੈਂਕ ਦੇ 725 ਕਰੋੜ ਸ਼ੇਅਰਾਂ ਨੂੰ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਖਰੀਦਣ ਲਈ ਪ੍ਰਵਾਨਗੀ ਦਿੱਤੀ ਗਈ ਹੈ। ਡੀਲ ਨੂੰ ਅਜੇ ਤੱਕ ਰੈਗੂਲੇਟਰੀ ਪ੍ਰਵਾਨਗੀ ਮਿਲਣੀ ਬਾਕੀ ਹੈ।"
ਇਸ ਸੌਦੇ ਤੋਂ ਬਾਅਦ ਯੈਸ ਬੈਂਕ ਵਿੱਚ ਐਸਬੀਆਈ ਦੀ ਹਿੱਸੇਦਾਰੀ ਇਸ ਦੀ ਕੁੱਲ ਭੁਗਤਾਨ ਕੀਤੀ ਗਈ ਪੂੰਜੀ ਦੇ 49 ਪ੍ਰਤੀਸ਼ਤ ਤੋਂ ਉੱਪਰ ਨਹੀਂ ਜਾਵੇਗੀ। ਰਿਜ਼ਰਵ ਬੈਂਕ ਨੇ ਪਿਛਲੇ ਹਫ਼ਤੇ ਯੈਸ ਬੈਂਕ ਦੇ ਪੁਨਰਗਠਨ ਲਈ ਇੱਕ ਯੋਜਨਾ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: ਫਰਵਰੀ ਵਿੱਚ ਨਰਮ ਪੈ ਕੇ 6.58 ਫੀਸਦੀ ਤੱਕ ਆਈ ਪ੍ਰਚੂਨ ਮਹਿੰਗਾਈ ਦਰ
ਇਸ ਵਿੱਚ ਕਿਹਾ ਗਿਆ ਹੈ ਕਿ ਰਣਨੀਤਕ ਨਿਵੇਸ਼ਕ ਨੂੰ ਯੈਸ ਬੈਂਕ ਵਿੱਚ 49 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦਣੀ ਪਵੇਗੀ। ਇਸ ਦੇ ਨਾਲ ਇਹ ਵੀ ਇੱਕ ਸ਼ਰਤ ਹੈ ਕਿ ਰਣਨੀਤਕ ਨਿਵੇਸ਼ਕ ਸੌਦੇ ਦੇ 3 ਸਾਲਾਂ ਬਾਅਦ ਆਪਣੀ ਹਿੱਸੇਦਾਰੀ ਨੂੰ 26 ਪ੍ਰਤੀਸ਼ਤ ਤੋਂ ਘੱਟ ਨਹੀਂ ਕਰ ਸਕਦੇ।
ਰਿਜ਼ਰਵ ਬੈਂਕ ਨੇ ਯੈਸ ਬੈਂਕ ਦੇ ਕਬਜ਼ੇ ਨੂੰ ਆਪਣੇ ਹੱਥ ਵਿੱਚ ਲੈਣ ਤੋਂ ਇਕ ਦਿਨ ਬਾਅਦ ਇਸ ਯੋਜਨਾ ਦਾ ਐਲਾਨ ਕੀਤਾ ਸੀ।