ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਕਿਹਾ ਕਿ ਅਰਥ ਵਿਵਸਥਾ ਵਿੱਚ ਹੁਣ ਸੁਧਾਰ ਦੇ ਸੰਕੇਤ ਦਿਖਾਈ ਦੇ ਰਹੇ ਹਨ। ਹਾਲਾਂਕਿ, ਉਸੇ ਸਮੇਂ, ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਸਿਫ਼ਰ(0) ਦੇ ਕਰੀਬ ਹੋਵੇਗੀ ਜਾਂ ਘੱਟ ਜਾਵੇਗੀ।
ਉਨ੍ਹਾਂ ਕਿਹਾ ਕਿ 2020-21 ਦੀ ਪਹਿਲੀ ਤਿਮਾਹੀ ਵਿੱਚ, ਆਰਥਿਕਤਾ ਵਿੱਚ 23.9 ਫ਼ੀਸਦੀ ਦੀ ਵੱਡੀ ਗਿਰਾਵਟ ਆਈ ਹੈ, ਜਿਸ ਕਾਰਨ ਜੀਡੀਪੀ ਦੀ ਵਿਕਾਸ ਦਰ ਪੂਰੇ ਵਿੱਤੀ ਵਰ੍ਹੇ ਦੌਰਾਨ ਨਕਾਰਾਤਮਕ ਜਾਂ ਸਿਫ਼ਰ ਦੇ ਨੇੜੇ ਰਹੇਗੀ।
ਉੱਥੇ ਹੀ ਇਸ 'ਤੇ ਈਟੀਵੀ ਭਾਰਤ ਨਾਲ ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਜਦੋਂ ਉਨ੍ਹਾਂ (ਨਿਰਮਲਾ ਸੀਤਾਰਮਨ) ਨੇ ਕਿਹਾ ਕਿ 2020-21 ਵਿੱਚ ਜ਼ੀਰੋ ਵਾਧਾ ਹੋਵੇਗਾ ਅਤੇ 2021-22 ਵਿੱਚ ਪੁਨਰ ਸੁਰਜੀਤੀ ਸ਼ੁਰੂ ਹੋਵੇਗੀ, ਉਦੋਂ ਉਹ ਹਨੇਰੇ ਵਿੱਚ ਤੀਰ ਚਲਾ ਰਹੇ ਹੁੰਦੇ ਹਨ। ਇਸ ਤਰ੍ਹਾਂ ਦੇ ਮਨਮੋਹਕ ਸ਼ਬਦ ਇਸ ਸਰਕਾਰ ਦੀ ਆਰਥਿਕਤਾ ਨੂੰ ਸੰਭਾਲਣ ਦੀ ਯੋਗਤਾ ਵਿੱਚ ਵਿਸ਼ਵਾਸ ਨੂੰ ਪ੍ਰੇਰਣਾ ਨਹੀਂ ਕਰਦੇ ਹਨ।
ਸਾਲ 2020-21 ਵਿੱਚ, ਵੱਡੇ ਪੱਧਰ 'ਤੇ ਨਕਾਰਾਤਮਕ ਵਾਧਾ (-10 ਫ਼ੀਸਦੀ) ਦਰਜ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਸਹੀ ਉਪਾਅ ਕਰੇ, ਸਤੰਬਰ 2021 ਤੋਂ ਬਾਅਦ, ਇਸ ਵਿੱਚ ਸਕਾਰਾਤਮਕ ਵਾਧਾ ਦੇਖਿਆ ਜਾ ਸਕਦਾ ਹੈ।
ਇੰਡੀਆ ਊਰਜਾ ਮੰਚ ਦੇ ਸੇਰਾ ਵੀਕ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਰਕਾਰ ਨੇ 25 ਮਾਰਚ ਤੋਂ ਸਖ਼ਤ ਤਾਲਾਬੰਦੀ ਲਗਾ ਦਿੱਤਾ ਸੀ ਕਿਉਂਕਿ ਲੋਕਾਂ ਦੀ ਜਾਨ ਬਚਾਉਣ ਲਈ ਇਹ ਵਧੇਰੇ ਮਹੱਤਵਪੂਰਨ ਸੀ। ਉਨ੍ਹਾਂ ਕਿਹਾ ਕਿ ਇਹ ਤਾਲਾਬੰਦੀ ਕਾਰਨ ਹੀ ਅਸੀਂ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰੀ ਕਰ ਸਕਦੇ ਸੀ। ਵਿੱਤ ਮੰਤਰੀ ਨੇ ਕਿਹਾ ਕਿ ਆਰਥਿਕ ਗਤੀਵਿਧੀਆਂ ਦੇ ਖੁੱਲ੍ਹਣ ਨਾਲ ਆਰਥਿਕ ਸੰਕੇਤਕਾਂ ਵਿੱਚ ਸੁਧਾਰ ਨਜ਼ਰ ਆ ਰਿਹਾ ਹੈ।
ਸੀਤਾਰਮਨ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਤੋਂ ਆਰਥਿਕਤਾ ਨੂੰ ਗਤੀ ਮਿਲਣ ਦੀ ਉਮੀਦ ਹੈ। "ਮੌਜੂਦਾ ਵਿੱਤੀ ਸਾਲ ਦੀ ਤੀਜੀ ਅਤੇ ਚੌਥੀ ਤਿਮਾਹੀ ਵਿੱਚ ਸਕਾਰਾਤਮਕ ਵਾਧਾ ਦਰਜ ਕੀਤੇ ਜਾਣ ਦੀ ਉਮੀਦ ਹੈ।"
ਦੱਸਣਯੋਗ ਹੈ ਕਿ ਆਰਬੀਆਈ ਦੇ ਅਨੁਸਾਰ, ਮੌਜੂਦਾ ਵਿੱਤੀ ਸਾਲ ਵਿੱਚ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ 9.5 ਫ਼ੀਸਦੀ ਗਿਰਾਵਟ ਦੀ ਸੰਭਾਵਨਾ ਹੈ। ਅਗਲੇ ਸਾਲ ਇਸ ਦੇ ਜ਼ਬਰਦਸਤ ਸੁਰਜੀਤ ਹੋਣ ਦੀ ਉਮੀਦ ਹੈ।
ਰਿਜ਼ਰਵ ਬੈਂਕ ਦੇ ਅਨੁਸਾਰ, ਮੌਜੂਦਾ ਵਿੱਤੀ ਸਾਲ ਦੇ ਦੂਜੇ ਅੱਧ ਵਿੱਚ ਕੁੱਲ ਮਹਿੰਗਾਈ ਨਰਮ ਰਹੇਗੀ। ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਇਸ ਦੇ ਹੋਰ ਘਟਣ ਦੀ ਉਮੀਦ ਹੈ।
ਮਹਿੰਗਾਈ ਜੂਨ ਤੋਂ 6 ਪ੍ਰਤੀਸ਼ਤ ਤੋਂ ਉੱਪਰ ਰਹੀ ਹੈ। ਸਰਕਾਰ ਨੇ ਆਰਬੀਆਈ ਨੂੰ ਮਹਿੰਗਾਈ ਦਰ 2 ਫ਼ੀਸਦੀ ਘਟ-ਵੱਧ ਦੇ ਨਾਲ 4 ਫ਼ੀਸਦੀ ਦੇ ਪੱਧਰ 'ਤੇ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਹੋਈ ਹੈ।