ਨਵੀਂ ਦਿੱਲੀ : ਬੈਂਕ ਜਮ੍ਹਾ ਉੱਤੇ 5 ਲੱਖ ਰੁਪਏ ਦੀ ਬੀਮਾ ਸੁਰੱਖਿਆ ਮੰਗਲਵਾਰ ਤੋਂ ਲਾਗੂ ਹੋ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੇ ਇਹ ਜਾਣਕਾਰੀ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਆਮ ਬਜਟ ਪੇਸ਼ ਕਰਦੇ ਹੋਏ ਬੈਂਕਾਂ ਵਿੱਚ ਜਮ੍ਹਾ ਲੋਕਾਂ ਦੇ ਪੈਸੇ ਉੱਤੇ ਗਾਰੰਟੀ ਰਾਸ਼ੀ ਨੂੰ ਇੱਕ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ।
ਇਹ ਕਵਰ ਰਿਜ਼ਰਵ ਬੈਂਕ ਦੀ ਪੂਰਨ ਮਲਕੀਅਤ ਵਾਲੀ ਕੰਪਨੀ ਜਮ੍ਹਾ ਬੀਮਾ ਤੇ ਕਰਜ਼ ਗਾਰੰਟੀ ਨਿਗਮ (ਡੀਆਈਸੀਜੀਸੀ) ਦਿੰਦੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਜਮ੍ਹਾ ਕਰਤਾਵਾਂ ਨੂੰ ਸੁਰੱਖਿਆ ਦੇਣ ਦੀ ਦ੍ਰਿਸ਼ਟੀ ਤੋਂ ਇਹ ਕਦਮ ਚੁੱਕਿਆ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿਚਰਵਾਰ ਨੂੰ ਆਪਣੇ ਬਜਟ ਭਾਸ਼ਣ ਵਿੱਚ ਕਿਹਾ ਸੀ ਕਿ ਸਾਰੇ ਅਨਸੂਚਿਤ ਵਪਾਰਕ ਬੈਂਕਾਂ ਦੀ ਸਿਹਤ ਦੀ ਨਿਗਰਾਨੀ ਦੇ ਲਈ ਇੱਕ ਮਜ਼ਬੂਤ ਪ੍ਰਣਾਲੀ ਹੈ। ਸਾਰੇ ਜਮ੍ਹਾ ਕਰਤਾਵਾਂ ਦਾ ਪੈਸਾ ਸੁਰੱਖਿਅਤ ਹੈ।
ਇਸ ਨਾਲ ਪਹਿਲੇ ਦਿਨ ਵਿੱਚ ਵਿੱਤੀ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਵਿੱਤੀ ਸੇਵਾ ਵਿਭਾਗ ਨੇ ਡੀਆਈਸੀਜੀਸੀ ਨੂੰ ਸੂਚਿਤ ਕੀਤਾ ਹੈ ਕਿ ਕੇਂਦਰ ਸਕਰਾਰ ਨੇ ਬਚਤ ਜਮ੍ਹਾ ਉੱਤੇ ਪ੍ਰਤੀ ਜਮ੍ਹਾ ਕਰਤਾ 5 ਲੱਖ ਰੁਪਏ ਦੀ ਗਾਰੰਟੀ ਦੇ ਲਈ ਬੀਮਾ ਕਵਰ ਵਧਾਉਣ ਦੀ ਮੰਨਜ਼ੂਰੀ ਦੇ ਦਿੱਤੀ ਹੈ।
ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (ਪੀਐੱਮਸੀ) ਦਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਨਿਵੇਸ਼ਕਾਂ ਦਾ ਭਰੋਸਾ ਡੋਲ ਗਿਆ ਹੈ। ਇਸ ਨਾਲ ਲੱਖਾਂ ਗਾਹਕ ਪ੍ਰਭਾਵਿਤ ਹੋਏ ਹਨ। ਮੰਨਿਆ ਜਾ ਰਿਹਾ ਹੈ ਕਿ ਜਮ੍ਹਾ ਉੱਤੇ 5 ਲੱਖ ਰੁਪਏ ਦੀ ਗਾਰੰਟੀ ਨਾਲ ਨਿਵੇਸ਼ਕਾਂ ਦਾ ਭਰੋਸਾ ਫ਼ਿਰ ਤੋਂ ਬਣਨ ਵਿੱਚ ਮਦਦ ਮਿਲੇਗੀ।
ਹੁਣ ਜੇ ਕੋਈ ਬੈਂਕ ਅਸਫ਼ਲ ਹੁੰਦਾ ਹੈ ਤਾਂ ਉਸ ਉੱਤੇ ਜਮ੍ਹਾ ਬੀਮਾ ਤੇ ਕਰਜ਼ ਗਾਰੰਟੀ ਨਿਗਮ (ਡੀਆਈਸੀਜੀਸੀ) ਵੱਲੋਂ 1 ਲੱਖ ਰੁਪਏ ਦਾ ਬੀਮਾ ਕਵਰ ਮਿਲਦਾ ਹੈ। ਹੁਣ ਇਹ ਬੀਮਾ ਕਵਰ ਵਧਾ ਕੇ 5 ਲੱਖ ਰੁਪਏ ਕਰ ਦਿੱਤਾ ਗਿਆ ਹੈ।
ਕੁਮਾਰ ਨੇ ਟਵੀਟ ਕਰਦਿਆਂ ਕਿਹਾ ਕਿ ਬਜਟ ਦੇ ਐਲਾਨਾਂ ਉੱਤੇ ਕੰਮ ਸ਼ੁਰੂ ਹੋ ਗਿਆ ਹੈ। ਵਿੱਤੀ ਸੇਵਾ ਵਿਭਾਗ ਨੇ ਜਮ੍ਹਾ ਬੀਮਾ ਕਵਰ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦੀ ਮੰਨਜ਼ੂਰੀ ਦੇ ਦਿੱਤੀ ਹੈ। ਇਹ ਬਦਲਾਅ ਲਗਭਗ 27 ਸਾਲ ਭਾਵ 1993 ਤੋਂ ਬਾਅਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਬੈਂਕ ਹੁਣ ਹਰ 100 ਰੁਪਏ ਦੇ ਜਮ੍ਹਾਂ ਉੱਤੇ 12 ਪੈਸੇ ਦਾ ਪ੍ਰੀਮਿਅਮ ਦੇਣਗੇ, ਜੋ ਕਿ ਪਹਿਲਾਂ 10 ਪੈਸੇ ਸੀ।
ਵਿੱਤੀ ਖੇਤਰ ਸੁਧਾਰਾਂ ਉੱਤੇ ਰਘੂਰਾਮ ਰਾਜਨ ਕਮੇਟੀ 2009 ਨੇ ਡੀਆਈਸੀਜੀਸੀ ਦੀ ਸਮਰੱਥਾ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ। ਇਹ ਤੇਜ਼, ਸੁਧਾਰਾਤਮਕ ਕਾਰਵਾਈ ਦੀ ਜ਼ਿਆਦਾ ਸਪੱਸ਼ਟ ਪ੍ਰਣਾਲੀ ਹੈ। ਇਸ ਤੋਂ ਇਲਾਵਾ ਕਮੇਟੀ ਨੇ ਜਮ੍ਹਾ ਬੀਮਾ ਪ੍ਰੀਮੀਅਮ ਨੂੰ ਜ਼ਿਆਦਾ ਜੋਖ਼ਿਮ ਆਧਾਰਿਤ ਬਣਾਉਣ ਦਾ ਵੀ ਸੁਝਾਅ ਦਿੱਤਾ ਸੀ।