ਨਵੀਂ ਦਿੱਲੀ : ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੇ ਗਾਹਕ ਆਪਣੇ ਕ੍ਰੈਡਿਟ ਕਾਰਡ ਅਤੇ ਕਰਜ਼ਿਆਂ ਦਾ ਭੁਗਤਾਨ ਹੋਰ ਬੈਂਕ ਖ਼ਾਤਿਆਂ ਦੇ ਮਾਧਿਅਮ ਰਾਹੀਂ ਕਰ ਸਕਦੇ ਹਨ। ਇਸ ਤੋਂ ਪਹਿਲਾਂ ਨਕਦੀ ਸੰਕਟ ਦੇ ਚੱਲਦਿਆਂ ਰਿਜ਼ਰਵ ਬੈਂਕ ਨੇ ਉਸ ਦੇ ਕੰਮਕਾਜ਼ ਉੱਤੇ ਰਕੋ ਲਾ ਦਿੱਤੀ ਸੀ।
ਬੈਂਕ ਦੇ ਕੰਮਕਾਜ਼ ਉੱਤੇ ਰੋਕ ਤੋਂ ਬਾਅਦ ਏਟੀਐੱਮ ਅਤੇ ਬੈਂਕ ਸ਼ਾਖ਼ਾਵਾਂ ਦੇ ਸਾਹਮਣੇ ਪੈਸੇ ਕਢਵਾਉਣ ਦੇ ਲਈ ਲੰਬੀਆਂ-ਲੰਬੀਆਂ ਲਾਇਨਾਂ ਦੇਖੀਆਂ ਗਈਆਂ। ਗਾਹਕ ਇੰਟਰਨੈੱਟ ਬੈਕਿੰਗ ਅਤੇ ਡਿਜ਼ੀਟਲ ਭੁਗਤਾਨ ਵਰਗੇ ਹੋਰ ਪਲੇਟਫ਼ਾਰਮ ਦੇ ਰਾਹੀਆਂ ਵੀ ਪੈਸੇ ਨਹੀਂ ਕਢਵਾ ਸਕਦੇ ਸਨ। ਇਸ ਤੋਂ ਇਲਾਵਾ ਵਿਦੇਸ਼ੀ ਮੁਦਰਾ ਸੇਵਾਵਾਂ ਅਤੇ ਕ੍ਰੈਡਿਟ ਕਾਰਡ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।
ਯੈੱਸ ਬੈਂਕ ਨੇ ਟਵੀਟ ਕੀਤਾ ਹੈ ਕਿ ਆਈਐੱਮਪੀਐੱਸ/ਐੱਨਈਐੱਫ਼ਟੀ ਸੇਵਾਵਾਂ ਹੁਣ ਬਹਾਲ ਹੋ ਗਈਆਂ ਹਨ। ਬੈਂਕ ਨੇ ਕਿਹਾ ਕਿ ਗਾਹਕ ਦੂਸਰੇ ਖ਼ਾਤਿਆਂ ਤੋਂ ਯੈੱਸ ਬੈਂਕ ਦੇ ਕ੍ਰੈਡਿਟ ਕਾਰਡ ਬਕਾਏ ਅਤੇ ਕਰਜ਼ ਦੇਣਦਾਰੀਆਂ ਦਾ ਭੁਗਤਾਨ ਕਰ ਸਕਦੇ ਹਨ। ਬੈਂਕ ਨੇ ਕਿਹਾ ਕਿ ਉਸ ਦੇ ਏਟੀਐੱਮ ਵੀ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਗਾਹਕ ਨਿਰਧਾਰਿਤ ਰਾਸ਼ੀ ਕਢਵਾ ਸਕਦੇ ਹਨ।
(ਪੀਟੀਆਈ-ਭਾਸ਼ਾ)