ਨਵੀਂ ਦਿੱਲੀ: ਈ-ਕਾਮਰਸ ਕੰਪਨੀਆਂ ਖਿਲਾਫ਼ ਵਪਾਰੀ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਵਿਚਕਾਰ ਐਮਾਜ਼ਾਨ ਦੇ ਸੰਸਥਾਪਕ ਅਤੇ ਸੀਈਓ ਜੈਫ ਬੇਜੋਸ ਅਗਲੇ ਹਫ਼ਤੇ ਭਾਰਤ ਆਉਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਧਿਕਾਰੀਆਂ ਦੇ ਨਾਲ-ਨਾਲ ਉਦਯੋਗ ਦੇ ਦਿੱਗਜਾਂ ਨਾਲ ਵੀ ਮੁਲਾਕਾਤ ਕਰਨਗੇ।
ਕੈਟ ਦੇ ਜਨਰਲ ਸੱਕਤਰ ਪ੍ਰਵੀਨ ਖੰਡੇਲਵਾਲ ਨੇ ਇਸ ਸੰਭਾਵਤ ਮੁਲਾਕਾਤ ਬਾਰੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਮੰਗ ਕੀਤੀ ਹੈ ਕਿ ਸਾਡੇ ਵਫ਼ਦ ਨੂੰ ਪਹਿਲਾਂ ਮਿਲਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਅਸੀਂ ਉਨ੍ਹਾਂ ਨੂੰ ਦੱਸਾਂਗੇ ਕਿ ਕਿਵੇਂ ਐਮਾਜ਼ਾਨ ਅਤੇ ਫਲਿੱਪਕਾਰਟ ਛੋਟੇ ਕਾਰੋਬਾਰੀਆਂ ਨੂੰ ਬਰਬਾਦ ਕਰ ਰਹੇ ਹਨ ਅਤੇ ਸਰਕਾਰ ਦੇ ਮਾਲੀਏ ਨੂੰ ਠੱਗ ਰਹੇ ਹਨ।
ਇਹ ਵੀ ਪੜ੍ਹੋ: ਕੀ ਆਉਣ ਵਾਲੇ ਬਜਟ ਵਿੱਚ ਭਾਰਤੀ ਅਰਥਚਾਰੇ ਨੂੰ ਮਾਲੀ ਪ੍ਰੋਤਸਾਹਨ ਮਿਲਨਾ ਚਾਹੀਦਾ ਹੈ?
ਕੈਟ ਨੇ ਇੱਕ ਬਿਆਨ ਵਿੱਚ ਕਿਹਾ, “ਐਮਾਜ਼ਾਨ ਦੇ ਸੀਈਓ ਜੈਫ ਬੇਜੋਸ ਦੀ ਆਉਣ ਵਾਲੀ ਭਾਰਤ ਯਾਤਰਾ 15 ਜਨਵਰੀ ਨੂੰ ਹੈ ਅਤੇ ਪੂਰੇ ਦੇਸ਼ ਦੇ ਵਪਾਰੀ ਆਲ ਇੰਡੀਆ ਟ੍ਰੇਡਰਜ਼ ਦੇ ਬੈਨਰ ਹੇਠ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਨਗੇ। ਮੋਬਾਈਲ ਰਿਟੇਲਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰਜ਼ ਫੈਡਰੇਸ਼ਨ ਅਤੇ 5,000 ਤੋਂ ਵੱਧ ਟਰੇਡ ਬੋਰਡ ਇਸ ਵਿੱਚ ਸ਼ਾਮਲ ਹੋਣਗੇ। ਵਪਾਰੀਆਂ ਨੇ ਕਿਹਾ ਕਿ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਲਗਭਗ 300 ਸ਼ਹਿਰਾਂ ਵਿੱਚ ‘ਹਲਾ ਬੋਲ’ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਦੱਸ ਦਈਏ ਕਿ 2015 ਤੋਂ ਸੀਏਟੀ ਨੇ ਆਨਲਾਈਨ ਪ੍ਰਚੂਨ ਕੰਪਨੀਆਂ ਐਮਾਜ਼ਾਨ ਅਤੇ ਫਲਿੱਪਕਾਰਟ ਵਿਰੁੱਧ ਮੁਹਿੰਮ ਚਲਾਈ ਹੈ। ਸੰਗਠਨ ਇਨ੍ਹਾਂ ਕੰਪਨੀਆਂ 'ਤੇ ਭਾਰੀ ਛੋਟਾਂ ਅਤੇ ਭਾਰਤ ਦੇ ਐਫਡੀਆਈ ਨਿਯਮਾਂ ਦੀ ਉਲੰਘਣਾ ਦਾ ਦੋਸ਼ ਲਗਾਉਂਦਾ ਰਿਹਾ ਹੈ।