ਪਠਾਨਕੋਟ : ਲਗਾਤਾਰ ਘਾਟੇ ਵਿੱਚ ਚੱਲ ਰਹੇ ਹਿੰਦੂ ਕੋ-ਆਪ੍ਰੇਟਿਵ ਬੈਂਕ ਦਾ ਮੁੱਦਾ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਬਜਟ ਸੈਸ਼ਨ ਦੇ ਦੌਰਾਨ ਵਿਧਾਨ ਸਭਾ ਵਿੱਚ ਚੁੱਕਿਆ ਸੀ ਜਿਸ ਦਾ ਜਵਾਬ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਹੀ ਦਿੱਤਾ ਸੀ।
ਇਸ ਦੇ ਲਈ ਸੁਖਜਿੰਦਰ ਰੰਧਾਵਾ ਬੈਂਕ ਕਰਮਚਾਰੀ ਅਤੇ ਪ੍ਰਸ਼ਾਸਨ ਦੇ ਨਾਲ ਬੈਠਕ ਕਰਨ ਪਠਾਨਕੋਟ ਪੁੱਜੇ। ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ 142 ਕਰਮਚਾਰੀਆਂ ਵਿੱਚੋਂ 72 ਕਰਮਚਾਰੀਆਂ ਦਾ ਤਬਾਦਲਾ ਕਰ ਦੂਜੀ ਥਾਂ ਭੇਜਿਆ ਜਾਵੇਗਾ। ਇਸ ਦੇ ਆਰਡਰ ਸੋਮਵਾਰ ਨੂੰ ਕਰ ਦਿੱਤੇ ਜਾਣਗੇ ਕਿਉਂਕਿ ਆਰਬੀਆਈ ਦੇ ਨਿਰਦੇਸ਼ਾਂ ਮੁਤਾਬਕ ਬੈਂਕ ਵਿੱਚ ਸਿਰਫ਼ 70 ਕਰਮਚਾਰੀ ਹੀ ਕੰਮ ਉੱਤੇ ਰੱਖੇ ਜਾ ਸਕਦੇ ਹਨ। ਇਸ ਨੂੰ ਵੇਖਦੇ ਹੋਏ 72 ਕਰਮਚਾਰੀਆਂ ਨੂੰ ਦੂਜੀ ਥਾਂ ਭੇਜ ਕੇ ਬੈਂਕ ਦਾ ਖਰਚ ਘੱਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਯੈੱਸ ਬੈਂਕ ਨੂੰ ਸੰਕਟ 'ਚੋਂ ਕੱਢਣਗੇ ਦੇਸ਼ ਦੇ ਹੋਰ ਬੈਂਕ, ਕਰਨਗੇ 93 ਹਜ਼ਾਰ ਕਰੋੜ ਦਾ ਨਿਵੇਸ਼
ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਹੜੇ ਬੈਂਕ ਦੇ ਡਿਫਾਲਟਰ ਹਨ, ਉਨ੍ਹਾਂ ਵਿੱਚੋਂ ਕੁੱਝ ਡਿਫਾਲਟਰ ਅਜਿਹੇ ਹਨ ਜੋ ਜਾਣ-ਬੁੱਝ ਕੇ ਬੈਂਕ ਦਾ ਪੈਸਾ ਨਹੀਂ ਮੋੜਨਾ ਚਾਹੁੰਦੇ ਅਤੇ ਕੋਰਟ ਕਚਹਿਰੀਆਂ ਦਾ ਸਹਾਰਾ ਲੈ ਕੇ ਹੁਣ ਤੱਕ ਬਚਦੇ ਆ ਰਹੇ ਹਨ। ਹੁਣ ਇਨ੍ਹਾਂ ਡਿਫਾਲਟਰਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਿਹੜੇ ਖਾਤਾਧਾਰਕ ਹਨ ਉਨ੍ਹਾਂ ਪੈਸੇ ਕਢਾਉਣ ਦੀ ਲਿਮਟ 25 ਹਜ਼ਾਰ ਤੋਂ ਵਧਾ ਕੇ 50 ਹਜ਼ਾਰ ਕਰ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਬੈਂਕ ਦੇ 80 ਕਰੋੜ ਦੇ ਬਕਾਏ ਚੋਂ ਹੁਣ ਤੱਕ 38 ਕਰੋੜ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ ਬਾਕੀ ਜੋ ਵੀ ਡਿਫਾਲਟਰ ਬਚੇ ਹਨ ਉਨ੍ਹਾਂ ਤੇ ਵੀ ਸਖ਼ਤੀ ਕੀਤੀ ਜਾਵੇਗੀ।