ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਘਰੇਲੂ ਬਾਜ਼ਾਰ ਵਿੱਚ ਪਿਛਲੇ ਮਹੀਨੇ 1 ਵੀ ਕਾਰ ਨਹੀਂ ਵਿਕੀ। ਇਸ ਦਾ ਮੁੱਖ ਕਾਰਨ 25 ਮਾਰਚ ਤੋਂ ਦੇਸ਼ ਭਰ ਵਿੱਚ ਲੌਕਡਾਊਨ ਹੋਣਾ ਹੈ।
ਬੰਦ ਦੇ ਲਈ ਜਾਰੀ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੰਪਨੀ ਦੇ ਪਲਾਂਟਾਂ ਵਿੱਚ ਉਤਪਾਦਨ ਬੰਦ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਅਪ੍ਰੈਲ 2020 ਵਿੱਚ ਉਸ ਦੀ ਘਰੇਲੂ ਵਿਕਰੀ ਜ਼ੀਰੋ ਰਹੀ ਹੈ। ਹਾਲਾਂਕਿ ਬੰਦਰਗਾਹਾਂ ਦੇ ਖੁੱਲ੍ਹਣ ਤੋਂ ਬਾਅਦ ਕੰਪਨੀ ਨੇ ਮੂੰਦਡਾ ਬੰਦਰਗਾਹ ਤੋਂ 632 ਕਾਰਾਂ ਦਾ ਨਿਰਯਾਤ ਕੀਤਾ ਹੈ। ਨਿਰਯਾਤ ਦੇ ਲਈ ਸਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੇ ਪਾਲਨ ਕੀਤਾ ਗਿਆ।
ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਲਾਏ ਗਏ ਜ਼ਰੂਰੀ ਲੌਕਡਾਊਨ ਨਾਲ ਆਟੋ ਸੈਕਟਰ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ।
ਲੌਕਡਾਊਨ ਦੇ ਕਾਰਨ ਮਹਿੰਦਰਾ ਦਾ ਅਪ੍ਰੈਲ ਮਹੀਨੇ 'ਚ ਘਰੇਲੂ ਬਾਜ਼ਾਰ 'ਚ ਕੋਈ ਵਾਹਨ ਨਹੀਂ ਵਿਕਿਆ
ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ਵਿਆਪੀ ਲੌਕਡਾਊਨ ਦੇ ਚੱਲਦਿਆਂ ਅਪ੍ਰੈਲ ਮਹੀਨੇ ਵਿੱਚ ਘਰੇਲੂ ਬਾਜ਼ਾਰ ਵਿੱਚ ਉਸ ਦਾ ਕੋਈ ਵਾਹਨ ਨਹੀਂ ਵਿਕਿਆ। ਕੋਰੋਨਾ ਵਾਇਰਸ ਦੇ ਕਾਰਨ 25 ਮਾਰਚ ਤੋਂ ਪੂਰੇ ਦੇਸ਼ ਵਿੱਚ ਲੌਕਡਾਊਨ ਲਾਗੂ ਹੋਣ ਕਾਰਨ ਕਾਰਖ਼ਾਨੇ ਬੰਦ ਹਨ। ਕੰਪਨੀ ਨੇ 733 ਵਾਹਨਾਂ ਦਾ ਨਿਰਯਾਤ ਕੀਤਾ ਹੈ। ਇਸ ਦੌਰਾਨ ਕੰਪਨੀ ਦੀ ਟ੍ਰੈਕਟਰ ਇਕਾਈ ਨੇ 56 ਟ੍ਰੈਕਟਰਾਂ ਦਾ ਵੀ ਨਿਰਯਾਤ ਕੀਤਾ ਹੈ। ਉੱਥੇ ਹੀ ਕੰਪਨੀ ਨੇ ਟ੍ਰੈਕਟਰਾਂ ਦੀ ਘਰੇਲੂ ਵਿਕਰੀ ਇਸ ਦੌਰਾਨ 83 ਫ਼ੀਸਦ ਘੱਟ ਕਕੇ 4,716 ਟ੍ਰੈਕਟਰ ਰਹੀ।
ਐੱਮ.ਜੀ ਮੋਟਰ ਦੀ ਘਰੇਲੂ ਵਿਕਰੀ ਅਪ੍ਰੈਲ 'ਚ ਜ਼ੀਰੋ
ਐੱਮ.ਜੀ ਮੋਟਰ ਇੰਡੀਆ ਦੀ ਅਪ੍ਰੈਲ ਵਿੱਚ ਘਰੇਲੂ ਵਿਕਰੀ ਜ਼ੀਰੋ ਰਹੀ। ਇਸ ਦਾ ਮੁੱਖ ਕਾਰਨ ਦੇਸ਼ਵਿਆਪੀ ਲੌਕਡਾਊਨ ਦੇ ਕਾਰਨ ਡੀਲਰਾਂ ਦੀਆਂ ਦੁਕਾਨਾਂ ਦਾ ਬੰਦ ਰਹਿਣਾ ਹੈ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪਨੀ ਸਿਰਫ਼ ਡੀਲਰਾਂ ਦੀਆਂ ਦੁਕਾਨਾਂ ਤੋਂ ਹੋਣ ਵਾਲੀ ਵਿਕਰੀ ਦੇ ਅੰਕੜੇ ਜਾਰੀ ਕਰਦੀ ਹੈ। ਐੱਮ.ਜੀ ਮੋਟਰ ਇੰਡੀਆ ਨੇ ਅਪ੍ਰੈਲ ਦੇ ਆਖ਼ਰੀ ਹਰਫ਼ਤੇ ਗੁਜਰਾਤ ਦੇ ਹਲੋਲ ਸਥਿਤ ਆਪਣੇ ਪਲਾਂਟ ਵਿੱਚ ਛੋਟੇ ਪੱਧਰ ਉੱਤੇ ਫ਼ਿਰ ਤੋਂ ਉਤਪਾਦਨ ਸ਼ੁਰੂ ਕੀਤਾ ਹੈ। ਕੰਪਨੀ ਨੇ ਕਿਹਾ ਕਿ ਉਹ ਸਰਕਾਰ ਅਤੇ ਸਥਾਨਕ ਵਿਭਾਗਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਾਰੇ ਸੁਰੱਖਿਆ ਤਰੀਕਿਆਂ ਨਾਲ ਪਲਾਂਟ ਚਲਾ ਰਹੀ ਹੈ। ਕੰਪਨੀ ਨੂੰ ਉਮੀਦ ਹੈ ਕਿ ਮਈ ਵਿੱਚ ਕਾਰਖ਼ਾਨਾ ਰਫ਼ਤਾਰ ਫੜ ਲਵੇਗਾ। ਕੰਪਨੀ ਸਥਾਨਕ ਪੂਰਤੀ ਲੜੀ ਦੀ ਮਦਦ ਦੇ ਲਈ ਵੀ ਕੰਮ ਕਰ ਰਹੀ ਹੈ।
ਪੀਟੀਆਈ-ਭਾਸ਼ਾ