ਹੈਦਰਾਬਾਦ ਡੈਸਕ: ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਉੱਤੇ ਜ਼ਿਮਨੀ ਚੋਣਾਂ ਲਈ 20 ਨਵੰਬਰ ਨੂੰ ਵੋਟਿੰਗ ਹੋਣੀ ਹੈ, ਜਦਕਿ ਨਤੀਜੇ 23 ਨਵਬੰਰ ਨੂੰ ਆਉਣਗੇ। ਇਨ੍ਹਾਂ ਚੋਂ ਗਿੱਦੜਬਾਹਾ ਹੌਟ ਸੀਟ ਮੰਨੀ ਜਾ ਰਹੀ ਹੈ, ਕਿਉਂ ਕਿ ਇੱਥੇ ਕਾਂਗਰਸ ਐਮਪੀ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਵਿੱਚ ਹੈ। ਦੂਜੇ ਪਾਸੇ, ਕਾਂਗਰਸ ਤੋਂ ਭਾਜਪਾ ਵਿੱਚ ਗਏ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਭਾਜਪਾ ਵਲੋਂ ਚੋਣ ਲੜ ਰਹੇ ਹਨ।
ਇਸ ਤੋਂ ਇਲਾਵਾ, ਅਕਾਲ ਦਲ ਤੋਂ ਆਮ ਆਦਮੀ ਪਾਰਟੀ ਵਿੱਚ ਆਏ ਹਰਦੀਪ ਸਿੰਘ ਡਿੰਪੀ ਚੋਣ ਮੈਦਾਨ ਵਿੱਚ ਹਨ, ਜਿਸ ਨੂੰ ਅਕਾਲੀ ਦਲ ਦੀ ਵੋਟ ਬੈਂਕ ਪ੍ਰਭਾਵਿਤ ਕਰ ਸਕਦੀ ਹੈ, ਕਿਉਂਕਿ ਅਕਾਲੀ ਦਲ ਇਸ ਵਾਰ ਚੋਣਾਂ ਨਹੀਂ ਲੜ ਰਹੇ।
ਸਿਆਸੀ ਸਮੀਕਰਨ
ਗਿੱਦੜਬਾਹਾ ਸੀਟ 2012 ਤੋਂ ਕਾਂਗਰਸ ਕੋਲ ਹੈ। ਕਾਂਗਰਸ ਉਮੀਦਵਾਰ ਦੇ ਪਤੀ ਰਾਜਾ ਵੜਿੰਗ ਲਗਾਤਾਰ ਤਿੰਨ ਵਾਰ ਇੱਥੋਂ ਵਿਧਾਇਕ ਚੁਣੇ ਗਏ। 2022 ਵਿਚ 'ਆਪ' ਦੀ ਇਕਸਾਰ ਲਹਿਰ ਦੇ ਬਾਵਜੂਦ, ਵੜਿੰਗ ਜਿੱਤ ਗਈ। ਹਾਲਾਂਕਿ ਉਨ੍ਹਾਂ ਦੀ ਜਿੱਤ ਦਾ ਫ਼ਰਕ ਸਿਰਫ 1,349 ਵੋਟਾਂ ਦਾ ਸੀ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਦੂਜੇ ਸਥਾਨ ’ਤੇ ਰਹੇ। ਉਹ ਇਸ ਵਾਰ ‘ਆਪ’ ਦੇ ਉਮੀਦਵਾਰ ਹਨ।
ਅਕਾਲੀ ਦਲ ਦਾ ਮਜ਼ਬੂਤ ਆਧਾਰ
ਗਿੱਦੜਬਾਹਾ ਵਿੱਚ ਅਕਾਲੀ ਦਲ ਦਾ ਮਜ਼ਬੂਤ ਆਧਾਰ ਹੈ। ਪਾਰਟੀ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 34 ਫੀਸਦੀ ਵੋਟਾਂ ਹਾਸਲ ਕਰਨ ਵਿੱਚ ਕਾਮਯਾਬ ਰਹੀ ਸੀ। ਇਸ ਵਾਰ ਉਹ ਚੋਣ ਨਹੀਂ ਲੜ ਰਹੇ ਹਨ। ਅਜਿਹੇ 'ਚ ਵੋਟ ਕਿਸ ਦੇ ਹੱਕ 'ਚ ਜਾਂਦੀ ਹੈ, ਇਹੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਪਰਿਵਾਰ ਵਿੱਚੋਂ ਹਨ। ਉਥੇ ਹੀ 'ਆਪ' ਦੀ ਡਿੰਪੀ ਢਿੱਲੋਂ ਵੀ ਪੁਰਾਣੇ ਅਕਾਲੀ ਆਗੂ ਹਨ, ਜੋ ਇਸ ਵੋਟ ਬੈਂਕ 'ਤੇ ਆਪਣਾ ਦਾਅਵਾ ਠੋਕ ਰਹੇ ਹਨ।
ਡੇਰਾ ਸੱਚਾ ਸੌਦਾ ਦਾ ਪ੍ਰਭਾਵ
ਗਿੱਦੜਬਾਹਾ 'ਤੇ ਵੀ ਡੇਰਾ ਸੱਚਾ ਸੌਦਾ ਦਾ ਪ੍ਰਭਾਵ ਹੈ। ਪੇਂਡੂ ਖੇਤਰਾਂ ਵਿੱਚ ਡੇਰੇ ਦੇ ਬਹੁਤ ਸਾਰੇ ਪੈਰੋਕਾਰ ਹਨ। ਇਹ ਵੋਟ ਇਕ ਥਾਂ 'ਤੇ ਸਿੱਧੀ ਪਾਈ ਜਾਂਦੀ ਹੈ। ਇਸ ਸੀਟ 'ਤੇ ਡੇਰੇ ਦੇ ਕਰੀਬ 10 ਹਜ਼ਾਰ ਵੋਟਰ ਹੋਣ ਦਾ ਅਨੁਮਾਨ ਹੈ। ਅਜਿਹੇ 'ਚ ਇਹ ਵੋਟਾਂ ਕਿਸ ਦਿਸ਼ਾ 'ਚ ਜਾਂਦੀਆਂ ਹਨ, ਉਸ ਦਾ ਅਸਰ ਚੋਣ ਨਤੀਜਿਆਂ 'ਤੇ ਵੀ ਪੈ ਸਕਦਾ ਹੈ।
ਡਿੰਪੀ ਢਿੱਲੋਂ ਆਪਣੇ ਵਿਰੋਧੀਆਂ ਨੂੰ ਬਾਹਰੀ ਉਮੀਦਵਾਰ ਦੱਸ ਰਹੇ
ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਇਸ ਚੋਣ ਨੂੰ ਲੋਕਲ ਬਨਾਮ ਬਾਹਰੀ ਉਮੀਦਵਾਰ ਦੱਸ ਰਹੇ ਹਨ। ਡਿੰਪੀ ਢਿੱਲੋ ਦਾ ਕਹਿਣਾ ਹੈ ਕਿ ਉਹ ਗਿੱਦੜਬਾਹਾ ਦੇ ਸਥਾਨਕ ਹਨ। ਬਾਕੀ ਦੋ ਉਮੀਦਵਾਰ ਬਾਹਰੀ ਹਨ। ਕੇਵਲ ਉਹ ਹੀ ਲੋਕਾਂ ਦੇ ਸੁੱਖ-ਦੁੱਖ ਵਿੱਚ ਭਾਗ ਲੈ ਸਕਦਾ ਹੈ। ਵਿਧਾਇਕ ਜਾਂ ਮੰਤਰੀ ਰਹਿੰਦਿਆਂ ਵੀ ਆਪਣੇ ਪੱਧਰ 'ਤੇ ਕਰੋੜਾਂ ਰੁਪਏ ਦੇ ਕੰਮ ਕਰਵਾਏ।
ਅੰਮ੍ਰਿਤਾ ਵੜਿੰਗ ਨੇ ਪਤੀ ਨਾਲ ਕੀਤਾ ਚੋਣ ਪ੍ਰਚਾਰ
ਕਾਂਗਰਸ ਉਮੀਦਵਾਰ ਅੰਮ੍ਰਿਤਾ ਵੜਿੰਗ ਲੋਕਾਂ ਨੂੰ ਭਰੋਸਾ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਇਲਾਕੇ ਦਾ ਵਿਕਾਸ ਕਰ ਸਕਦੀ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਗਿੱਦੜਬਾਹਾ ਦੀ ਧੀ ਦੱਸਿਆ। ਇਸ ਦੇ ਲਈ ਉਨ੍ਹਾਂ ਨੇ 'ਸਾਡੀ ਧੀ-ਸਾਡਾ ਮਾਨ' ਦੇ ਨਾਂ 'ਤੇ ਮੁਹਿੰਮ ਵੀ ਚਲਾਈ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਇੱਥੇ ਲੰਮੇ ਸਮੇਂ ਤੋਂ ਸਰਗਰਮ ਹੈ, ਜਿਸ ਕਾਰਨ ਉਹ ਇਸ ਇਲਾਕੇ ਨੂੰ ਹੋਰਨਾਂ ਨਾਲੋਂ ਬਿਹਤਰ ਸਮਝਦੀ ਹੈ। ਇਸ ਵਾਰ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਨਾਲ ਉਨ੍ਹਾਂ ਲਈ ਚੋਣ ਪ੍ਰਚਾਰ ਕੀਤਾ।
ਮਨਪ੍ਰੀਤ ਬਾਦਲ - ਵਿਕਾਸ ਲਈ ਫੰਡ ਲਿਆਉਣ ਕਹੀ ਗੱਲ
ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਹ ਇੱਥੋਂ ਵਿਧਾਇਕ ਰਹੇ, ਗਿੱਦੜਬਾਹਾ ਦਾ ਕਾਫੀ ਵਿਕਾਸ ਹੋਇਆ। ਉਨ੍ਹਾਂ ਨੇ ਕਈ ਵੱਡੇ ਪ੍ਰੋਜੈਕਟ ਲਾਏ। ਉਹ ਦੋ ਵਾਰ ਵਿੱਤ ਮੰਤਰੀ ਰਹਿ ਚੁੱਕੇ ਹਨ। ਉਹ ਜਾਣਦੇ ਹਨ ਕਿ ਸਰਕਾਰਾਂ ਪੈਸਾ ਕਿੱਥੇ ਰੱਖਦੀਆਂ ਹਨ। ਇਸ ਲਈ ਉਹ ਹਲਕੇ ਲਈ ਫੰਡ ਲਿਆ ਕੇ ਹੋਰ ਵਿਕਾਸ ਕਰਵਾ ਸਕਦੇ ਹਨ।