ਨਵੀਂ ਦਿੱਲੀ: ਖਾੜੀ ਖੇਤਰ ਵਿੱਚ ਫ਼ਿਰ ਤੋਂ ਤਨਾਅ ਵੱਧਣ ਕਾਰਨ ਬੁੱਧਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਤੇਜ਼ੀ ਆਈ।
ਬ੍ਰੈਂਟ ਕਰੂਡ ਦੀ ਕੀਮਤ 71 ਡਾਲਰ ਦੇ ਪਾਰ ਚਲੀ ਗਈ। ਲਗਾਤਾਰ ਤਿੰਨ ਸੈਸ਼ਨਾਂ ਦੀ ਤੇਜ਼ੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਸੈਸ਼ਨ ਵਿੱਚ ਥੋੜੀ ਨਰਮੀ ਆਈ ਸੀ, ਪਰ ਅਮਰੀਕੀ ਫ਼ੌਜ ਦੇ ਠਿਕਾਣਿਆਂ ਉੱਤੇ ਮਿਜ਼ਾਇਲ ਛੱਡੇ ਜਾਣ ਤੋਂ ਬਾਅਦ ਫ਼ਿਰ ਤੇਲ ਦੀ ਕੀਮਤ ਵਿੱਚ ਤੇਜ਼ੀ ਬਣੀ ਹੋਈ ਹੈ।
ਅੰਤਰ-ਰਾਸ਼ਟਰੀ ਵਾਇਦਾ ਬਾਜ਼ਾਰ ਇੰਟਰਕਾਂਟਿਨੈਂਟਲ ਐਕਸਚੇਂਜ (ਆਈਸੀਈ) ਉੱਤੇ ਬ੍ਰੈਂਟ ਕਰੂਡ ਦੇ ਮਾਰਚ ਡਲਿਵਰੀ ਇਕਰਾਰਨਾਮੇ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 2.20 ਫ਼ੀਸਦੀ ਦੀ ਤੇਜ਼ੀ ਦੇ ਨਾਲ 69.80 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ, ਜਦਕਿ ਕਾਰੋਬਾਰ ਦੌਰਾਨ ਬ੍ਰੈਂਟ ਕਰੂਡ 71.28 ਡਾਲਰ ਪ੍ਰਤੀ ਬੈਰਲ ਤੱਕ ਉੱਛਲਿਆ। ਇਸ ਤੋਂ ਪਹਿਲਾਂ ਬ੍ਰੈਂਟ ਦੀ ਕੀਮਤ 16 ਦਸੰਬਰ 2019 ਨੂੰ 71.95 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ ਸੀ।
ਉੱਥੇ ਹੀ ਨਿਊਯਾਰਕ ਮਰਕੇਟਾਇਲ ਐਕਸਚੇਂਜ (ਨਾਇਮੈਕਸ) ਉੱਤੇ ਅਮਰੀਕੀ ਲਾਇਟ ਕਰੂਡ ਵੈਸਟ ਟੈਕਸਾਸ ਇੰਟਰਮਿਡੇਇਟ (ਡਬਲਿਊਟੀਆਈ) ਦੇ ਫ਼ਰਵਰੀ ਇਕਰਾਰਨਾਮੇ ਵਿੱਚ 1.98 ਫ਼ੀਸਦੀ ਦੀ ਤੇਜ਼ੀ ਦੇ ਨਾਲ 63.94 ਡਾਲਰ ਪ੍ਰਤੀ ਬੈਰਲ ਉੱਤੇ ਕਾਰੋਬਾਰ ਚੱਲ ਰਿਹਾ ਸੀ ਜਦਕਿ ਇਸ ਤੋਂ ਪਹਿਲਾਂ ਡਬਲਿਊਟੀਆਈ ਦੀ ਕੀਮਤ 65.55 ਡਾਲਰ ਪ੍ਰਤੀ ਬੈਰਲ ਤੱਕ ਚਲਾ ਗਿਆ ਸੀ।
ਕਮੋਡਿਟੀ ਬਾਜ਼ਾਰ ਮਾਹਿਰ ਅਤੇ ਐਂਜਲ ਕਮੋਡਿਟੀ ਦੇ ਡਿਪਟੀ ਵਾਇਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ ਦੱਸਿਆ ਕਿ ਈਰਾਨ ਵੱਲੋਂ ਈਰਾਕ ਵਿਖੇ ਸਥਿਤ ਅਮਰੀਕੀ ਏਅਰ ਬੇਸ ਉੱਤੇ ਮਿਜ਼ਾਇਲ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਤਨਾਅ ਗਰਮਾਇਆ ਹੋਇਆ ਹੈ ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖੀ ਜਾ ਰਹੀ ਹੈ।