ਨਵੀਂ ਦਿੱਲੀ: ਵਿੱਤ ਮੰਤਰਾਲੇ ਦੇ ਪੁਰਾਣੇ ਮਹਾਂਰਥੀ ਤਰੁਣ ਬਜਾਜ ਨੇ ਸ਼ੁੱਕਰਵਾਰ ਨੂੰ ਆਰਥਿਕ ਮਾਮਲਿਆਂ ਦੇ ਸਕੱਤਰ ਦਾ ਅਹੁਦਾ ਸਾਂਭਿਆ ਹੈ। ਮੰਤਰਾਲੇ ਵਿੱਚ ਉਨ੍ਹਾਂ ਦੀ ਵਾਪਸੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਦੇਸ਼ ਦੇ ਆਰਥਿਕ ਹਾਲਾਤ ਕੋਰੋਨਾ ਵਾਇਰਸ ਦੇ ਕਾਰਨ ਚਿੰਤਾਜਨਕ ਬਣੇ ਹੋਏ ਹਨ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਦਫ਼ਤਰ ਦੇ ਵਧੀਕ ਸਕੱਤਰ ਸਨ।
ਬਜਾਜ ਸੰਨ 1988 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ ਹਨ। ਉਹ ਮੰਤਰਾਲੇ ਵਿੱਚ ਅਤਨੁ ਚੱਕਰਵਰਤੀ ਦੀ ਥਾਂ ਲੈਣਗੇ। ਚੱਕਰਵਰਤੀ ਬੁੱਧਵਾਰ ਨੂੰ ਸੇਵਾਮੁਕਤ ਹੋ ਗਏ ਹਨ। ਮੰਤਰਾਲੇ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਤਰੁਣ ਬਜਾਜ ਨੇ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਦਾ ਅਹੁਦਾ ਗ੍ਰਹਿਣ ਕੀਤਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਵਿੱਚ ਜਾਣ ਤੋਂ ਪਹਿਲਾਂ ਬਜਾਜ ਆਰਥਿਕ ਮਾਮਲਿਆਂ ਦੇ ਵਿਭਾਗ ਵਿੱਚ ਸੰਯੁਕਤ ਸਕੱਤਰ ਸਨ। ਉਹ ਵਿੱਤੀ ਸੇਵਾ ਵਿਭਾਗ ਵਿੱਚ ਸੰਯੁਕਤ ਸਕੱਤਰ ਅਤੇ ਨਿਰਦੇਸ਼ਕ ਰਹਿ ਚੁੱਕੇ ਹਨ। ਵਿੱਤੀ ਸੇਵਾ ਵਿਭਾਗ ਵਿੱਚ ਉਹ ਚਾਰ ਸਾਲ ਤੱਕ ਸੰਯੁਕਤ ਸਕੱਤਰ ਰਹੇ ਹਨ। ਉਨ੍ਹਾਂ ਦੇ ਕੋਲ ਬੀਮਾ ਖੇਤਰ ਦੀ ਜ਼ਿੰਮੇਵਾਰੀ ਸੀ।
ਪੀਟੀਆਈ