ਨਵੀਂ ਦਿੱਲੀ: ਅਨਾਜ ਦੀਆਂ ਕੀਮਤਾਂ 'ਚ ਨਰਮੀ ਦੇ ਕਾਰਨ ਫਰਵਰੀ' ਚ ਪ੍ਰਚੂਨ ਮਹਿੰਗਾਈ ਦਰ 6.58 ਪ੍ਰਤੀਸ਼ਤ 'ਤੇ ਆ ਗਈ ਹੈ। ਸਰਕਾਰ ਨੇ ਵੀਰਵਾਰ ਨੂੰ ਇਸ ਸਬੰਧ ਵਿਚ ਆਂਕੜੇ ਜਾਰੀ ਕੀਤੇ ਹਨ।
ਉਪਭੋਗਤਾ ਮੁੱਲ ਸੂਚਕਾਂਕ (ਸੀਪੀਆਈ) 'ਤੇ ਅਧਾਰਤ ਮਹਿੰਗਾਈ ਜਨਵਰੀ 2020 ਵਿਚ 7.59 ਫੀਸਦੀ ਸੀ ਜਦ ਕਿ ਫਰਵਰੀ 2019 ਵਿਚ ਇਹ ਆਂਕੜਾ 2.57 ਫੀਸਦੀ ਸੀ। ਨੈਸ਼ਨਲ ਸਟੈਟਿਸਟਿਕਲ ਦਫਤਰ ਦੇ ਆਂਕੜਿਆਂ ਦੇ ਅਨੁਸਾਰ ਫਰਵਰੀ 2020 ਵਿੱਚ ਖਾਧ ਖੇਤਰ ਵਿੱਚ ਮਹਿੰਗਾਈ ਦਰ ਘਟ ਕੇ 10.81 ਫੀਸਦੀ ਰਹਿ ਗਈ ਜੋ ਜਨਵਰੀ ਵਿੱਚ 13.63 ਫੀਸਦੀ ਸੀ।
ਰਿਜ਼ਰਵ ਬੈਂਕ ਦੀ ਦੋ-ਮਹੀਨਾਵਾਰ ਮੁਦਰਾ ਸਮੀਖਿਆ ਵਿਚ ਨੀਤੀਗਤ ਦਰਾਂ ਤੈਅ ਕਰਨ ਲਈ ਪ੍ਰਚੂਨ ਮਹਿੰਗਾਈ ਇਕ ਮਹੱਤਵਪੂਰਣ ਕਾਰਕ ਹੈ। ਸਰਕਾਰ ਨੇ ਰਿਜ਼ਰਵ ਬੈਂਕ ਨੂੰ ਪ੍ਰਚੂਨ ਮਹਿੰਗਾਈ ਨੂੰ ਚਾਰ ਫੀਸਦੀ ਤੋਂ ਹੇਠਾਂ ਰੱਖਣ ਦਾ ਟੀਚਾ ਦਿੱਤਾ ਹੈ।
2 ਫੀਸਦੀ ਵਧਿਆ ਉਦਯੋਗਿਕ ਉਤਪਾਦਨ
ਦੂਜੇ ਪਾਸੇ ਜਨਵਰੀ ਵਿਚ ਭਾਰਤ ਦਾ ਉਦਯੋਗਿਕ ਉਤਪਾਦਨ 2 ਫੀਸਦੀ ਵਧਿਆ ਹੈ। ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਅਨੁਸਾਰ ਜਨਵਰੀ 2019 ਵਿਚ ਉਦਯੋਗਿਕ ਉਤਪਾਦਨ ਦਾ ਸੂਚਕ ਅੰਕ 1.6 ਫੀਸਦੀ ਵਧਿਆ ਸੀ।