ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਲੰਬੇ ਸਮੇਂ ਤੱਕ ਲੌਕਡਾਊਨ ਤੋਂ ਬਾਅਦ ਦੇਸ਼ 'ਚ ਅਨਲੌਕ -1 ਜਾਰੀ ਹੈ। ਕੇਂਦਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਜਾਰੀ ਅਨਲੌਕ -1 ਦੇ ਦੌਰਾਨ ਰਾਤ ਨੌ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਲੋਕਾਂ ਦੀ ਆਵਾਜਾਈ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ, ਪਰ ਨੈਸ਼ਨਲ ਹਾਈਵੇ 'ਤੇ ਯਾਤਰੀਆਂ ਨੂੰ ਲਿਜਾਣ ਵਾਲੀਆਂ ਬੱਸਾਂ ਅਤੇ ਮਾਲ ਦੀ ਢੁਆਈ ਵਾਲੇ ਟਰੱਕਾਂ ਦੀ ਆਵਾਜਾਈ 'ਤੇ ਕੋਈ ਰੋਕ ਨਹੀਂ ਹੈ।
ਕੇਂਦਰੀ ਗ੍ਰਹਿ ਸੱਕਤਰ ਅਜੈ ਭੱਲਾ ਨੇ ਸਾਰੇ ਹੀ ਸੂਬਿਆਂ ਨੂੰ ਭੇਜੇ ਗਏ ਸੰਦੇਸ਼ 'ਚ ਕਿਹਾ," ਰਾਤ ਦੇ ਸਮੇਂ ਲੋਕਾਂ ਦੀ ਆਵਾਜਾਈ ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਸ ਦਾ ਮੁੱਖ ਉਦੇਸ਼ ਪਹਿਲ ਦੇ ਅਧਾਰ 'ਤੇ ਲੋਕਾਂ ਨੂੰ ਇੱਕਠੇ ਹੋਣ ਤੋਂ ਰੋਕਣਾ ਤੇ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਵਿਚਾਲੇ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਲੋਕਾਂ ਦੀ ਗਤੀਵਿਧੀਆਂ ਉੱਤੇ ਪੂਰੀ ਤਰ੍ਹਾਂ ਪਾਬੰਦੀ ਹੈ ਤਾਂ ਜੋ ਸਮਾਜਿਕ ਦੂਰੀ ਨੂੰ ਕਾਇਮ ਰੱਖਿਆ ਜਾ ਸਕੇ। "
ਅਜੈ ਭੱਲਾ ਨੇ ਕਿਹਾ, “ਲੋਡਿੰਗ ਜਾਂ ਸਪਲਾਈ ਚੇਨ ਅਤੇ ਸਮਾਨਾਂ ਦੀ ਢੁਆਈ ਕਰਨ, ਨੈਸ਼ਨਲ ਹਾਈਵੇ ਉੱਤੇ ਚੱਲਣ ਵਾਲੇ ਬੱਸਾਂ,ਟਰੱਕਾਂ ਅਤੇ ਹੋਰ ਕਾਰਗੋ ਵਾਹਨਾਂ ਸਣੇ ਯਾਤਰੀਆਂ ਨੂੰ ਲਿਜਾਣ ਵਾਲੀਆਂ ਬੱਸਾਂ,ਰੇਲ ਗੱਡੀਆਂ ਤੇ ਜਹਾਜ਼ਾਂ 'ਤੇ ਯਾਤਰੀਆਂ ਨੂੰ ਲਿਜਾਣ' ਉੱਤੇ ਪਾਬੰਦੀ ਨਹੀਂ ਲਗਾਈ ਗਈ ਹੈ। ਮਗਰ ਆਪਣੇ ਮੰਜ਼ਲਾਂ ਉੱਤੇ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਹੈ।
ਕੇਂਦਰੀ ਗ੍ਰਹਿ ਸਕੱਤਰ ਮੁਤਾਬਕ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਤਰ੍ਹਾਂ ਦੀ ਆਵਾਜਾਈ ਨੂੰ ਰੋਕਣ। ਇਸ ਦੇ ਲਈ ਸਥਾਨਕ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਹਿਲਾਂ 24 ਮਾਰਚ ਤੋਂ 21 ਦਿਨਾਂ ਲਈ ਦੇਸ਼ ਭਰ 'ਚ ਲੌਕਡਾਊਨ ਐਲਾਨ ਕੀਤਾ ਸੀ। ਇਸ ਤੋਂ ਬਾਅਦ ਤਿੰਨ ਮਈ ਤੋਂ 17 ਮਈ ਤੇ ਉਸ ਤੋਂ ਬਾਅਦ 31 ਮਈ ਤੱਕ ਵਧਾ ਦਿੱਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਲੌਕਡਾਊਨ ਮਹਿਜ ਪਾਬੰਦੀਸ਼ੁਦਾ ਖੇਤਰਾਂ ਵਿੱਚ ਲਾਗੂ ਹੈ ਤੇ ਇਹ 30 ਜੂਨ ਤੱਕ ਜਾਰੀ ਰਹੇਗਾ। ਫਿਲਹਾਲ ਹੁਣ ਸਮਾਜਿਕ, ਆਰਥਿਕ, ਧਾਰਮਿਕ ਅਤੇ ਖੇਡ ਗਤੀਵਿਧੀਆਂ ਲਈ ਆਗਿਆ ਦੇ ਦਿੱਤੀ ਗਈ ਹੈ ਤੇ। ਗ੍ਰਹਿ ਮੰਤਰਾਲੇ ਵੱਲੋਂ ਇਸ ਨੂੰ 'ਅਨਲੌਕ -1' ਐਲਾਨਿਆ ਗਿਆ ਹੈ।