ਸੈਨ ਫ਼ਰਾਂਸਿਸਕੋ: ਟੇਸਲਾ ਦੇ ਮੁਖੀ ਐਲਨ ਮਸਕ ਨੇ ਮਾਈਕਰੋਸੌਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੂੰ ਪਛਾੜਦਿਆਂ ਵਿਸ਼ਵ ਦਾ ਦੂਜਾ ਸਭ ਤੋਂ ਅਮੀਰ ਵਿਅਕਤੀ ਦੇ ਸਥਾਨ 'ਤੇ ਕਬਜ਼ਾ ਕਰ ਲਿਆ ਹੈ। ਬਲੂਮਬਰਗ ਬਿਲੀਨੀਅਰ ਇੰਡੈਕਸ ਨੇ ਸੋਮਵਾਰ ਨੂੰ ਮਸਕ ਨੂੰ 127.9 ਬਿਲੀਅਨ ਡਾਲਰ ਦੀ ਕੁਲ ਸੰਪਤੀ ਨਾਲ 127.7 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਬਿਲ ਗੇਟਸ ਤੋਂ ਉੱਤੇ ਰੱਖਿਆ ਹੈ।
49 ਸਾਲਾ ਇਸ ਉਦਮੀ ਨੇ ਜਨਵਰੀ 2020 ਤੋਂ ਹੁਣ ਤੱਕ 100 ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਇਕੱਠੀ ਕੀਤੀ ਹੈ। ਇਹੇ ਕਾਰਨ ਹੈ ਕਿ ਮਸਕ ਵਿਸ਼ਵ ਦੇ ਸਭ ਤੋਂ ਅਮੀਰ 500 ਵਿਅਕਤੀਆਂ ਦੀ ਸੂਚੀ ਵਿੱਚ ਆਪਣਾ ਨਾਂਅ ਸ਼ੂਮਾਰ ਕਰਨ ਵਿੱਚ ਸਫ਼ਲ ਹੋਏ।
ਮਸਕ ਦੀ ਕੁੱਲ ਜਾਇਦਾਦ ਵਿੱਚ ਤੇਜ਼ੀ ਆਉਣ ਦਾ ਮੁੱਖ ਕਾਰਨ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ ਟੇਸਲਾ ਦੇ ਸ਼ੇਅਰ ਵਧਨਾ ਦੱਸਿਆ ਜਾ ਰਿਹਾ ਹੈ। ਟੇਸਲਾ ਸੋਮਵਾਰ ਨੂੰ ਮਾਰਕੀਟ ਪੂੰਜੀ 500 ਬਿਲੀਅਨ ਡਾਲਰ ਦੇ ਨੇੜੇ ਪਹੁੰਚੀ ਹੈ।
ਹਾਲਾਂਕਿ, ਇਸ ਵੇਲੇ ਐਲਨ ਮਸਕ ਅਤੇ ਬਿੱਲ ਗੇਟਸ ਦੀ ਸੰਪਤੀ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਦੋਹਾਂ ਦੀ ਸਥਿਤੀ ਵਿੱਚ ਤਬਦੀਲੀ ਹੋ ਸਕਦੀ ਹੈ।
ਇਸ ਸੂਚੀ ਵਿੱਚ ਐਮਾਜ਼ਾਨ ਦੇ ਸੀਈਓ ਜੈਫ ਬੇਜੋਸ 182 ਬਿਲੀਅਨ ਡਾਲਰ ਦੀ ਕੁੱਲ ਸੰਪਤੀ ਨਾਲ ਪਹਿਲੇ ਨੰਬਰ 'ਤੇ ਕਾਬਜ਼ ਹਨ।
(ਆਈਏਐਨਐਸ)