ਨਵੀਂ ਦਿੱਲੀ: ਯੈੱਸ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਐਲ.ਆਈ.ਸੀ. ਨੇ ਬੈਂਕ ਵਿੱਚ ਆਪਣੀ ਹਿੱਸੇਦਾਰੀ ਵਧਾ ਕੇ ਲਗਭਗ 5 ਫ਼ੀਸਦੀ ਕਰ ਲਈ ਹੈ। ਜਨਤਕ ਖੇਤਰ ਦੀ ਬੀਮਾ ਕੰਪਨੀ ਨੇ ਇਸ ਲਈ ਸ਼ੇਅਰਾਂ ਦੀ ਖ਼ਰੀਦ ਖੁੱਲ੍ਹੇ ਬਾਜ਼ਾਰ ਵਿੱਚੋਂ ਕੀਤੀ ਹੈ।
ਯੈੱਸ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਸੂਚਨਾ ਦਿੰਦਿਆਂ ਦੱਸਿਆ ਹੈ ਕਿ ਬੀਮਾ ਕੰਪਨੀ ਨੇ ਹੁਣੇ ਜਿਹੇ ਬੈਂਕ ਦੇ ਸ਼ੇਅਰ ਖ਼ਰੀਦੇ ਹਨ। ਇਸ ਤਾਜ਼ਾ ਗ੍ਰਹਿਣ ਨਾਲ ਐਲ.ਆਈ.ਸੀ. ਦੀ ਬੈਂਕ ਵਿੱਚ ਹਿੱਸੇਦਾਰੀ 0.75 ਫ਼ੀਸਦੀ ਤੋਂ ਵੱਧ ਕੇ 4.98 ਫ਼ੀਸਦੀ ਹੋ ਗਈ ਹੈ।
ਐਲ.ਆਈ.ਸੀ. ਨੇ ਖੁੱਲ੍ਹੇ ਬਾਜ਼ਾਰ ਵਿੱਚੋਂ 105.98 ਕਰੋੜ ਰੁਪਏ ਦੇ ਸ਼ੇਅਰਾਂ ਦੀ ਖ਼ਰੀਦ ਕੀਤੀ, ਜਿਹੜੀ ਕਿ 4.23 ਫ਼ੀਸਦੀ ਹਿੱਸੇਦਾਰੀ ਬਰਾਬਰ ਹੈ।
ਇਸ ਤੋਂ ਪਹਿਲਾਂ, ਐਲ.ਆਈ.ਸੀ. ਕੋਲ ਯੈੱਸ ਬੈਂਕ ਵਿੱਚ 19 ਕਰੋੜ ਸ਼ੇਅਰਾਂ ਰਾਹੀਂ 0.75 ਫ਼ੀਸਦੀ ਹਿੱਸੇਦਾਰੀ ਸੀ। ਕੁੱਲ ਮਿਲਾ ਕੇ ਹੁਣ ਭਾਰਤੀ ਜੀਵਨ ਬੀਮਾ ਨਿਗਮ (ਐਲ.ਆਈ.ਸੀ.) ਦੀ ਯੈੱਸ ਬੈਂਕ ਵਿੱਚ ਹਿੱਸੇਦਾਰ ਵੱਧ ਕੇ 4.98 ਫ਼ੀਸਦੀ ਹੋ ਗਈ ਹੈ।
ਸ਼ੇਅਰ ਖਰੀਦੇ ਜਾਣ ਦਾ ਸਮਾਂ 21 ਸਤੰਬਰ 2017 ਤੋਂ 31 ਜੁਲਾਈ 2020 ਦੇ ਵਿਚਕਾਰ ਦਾ ਹੈ।