ਨਵੀਂ ਦਿੱਲੀ: ਇਲੈਕਟ੍ਰਾਨਿਕ ਚਿੱਪ ਬਣਾਉਣ ਵਾਲੀ ਇੰਟੇਲ ਕੈਪੀਟਲ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਗਰੁੱਪ ਦੇ ਜੀਓ ਪਲੇਟਫਾਰਮਸ ਵਿਚ 0.39% ਦੀ ਹਿੱਸੇਦਾਰੀ 1,894.50 ਕਰੋੜ ਰੁਪਏ ਵਿਚ ਖਰੀਦੇਗੀ। ਕੰਪਨੀਆਂ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਇੰਟੇਲ ਕੈਪੀਟਲ 12ਵੀਂ ਅਜਿਹੀ ਕੰਪਨੀ ਹੈ ਜਿਸ ਨੇ ਹਾਲ ਹੀ ਵਿੱਚ ਭਾਰਤ ਵਿੱਚ ਦੂਰਸੰਚਾਰ ਅਤੇ ਡਿਜੀਟਲ ਸੇਵਾਵਾਂ ਮਾਰਕੀਟ ਵਿੱਚ ਤੇਜ਼ੀ ਨਾਲ ਵੱਧ ਰਹੇ ਜੀਓ ਪਲੇਟਫਾਰਮ ਵਿੱਚ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਇਨ੍ਹਾਂ ਕੰਪਨੀਆਂ ਦੇ ਜੀਓ ਪਲੇਟਫਾਰਮਸ ਵਿੱਚ ਕੁੱਲ ਸ਼ੇਅਰ ਪੂੰਜੀ ਨਿਵੇਸ਼ 1,17,588.45 ਕਰੋੜ ਰੁਪਏ 'ਤੇ ਆ ਗਿਆ ਹੈ।
ਰਿਲਾਇੰਸ ਇੰਡਸਟਰੀਜ਼ ਅਤੇ ਜੀਓ ਪਲੇਟਫਾਰਮਸ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, "ਇੰਟੇਲ ਕੈਪੀਟਲ ਜੀਓ ਪਲੇਟਫਾਰਮਸ ਵਿੱਚ 1,894.50 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਜੋ ਕੰਪਨੀ ਦੇ ਸ਼ੇਅਰ ਮੁੱਲ ਵਿੱਚ 0.39 ਫੀਸਦੀ ਹਿੱਸੇਦਾਰੀ ਦੇ ਬਰਾਬਰ ਹੋਵੇਗੀ।"
ਬਿਆਨ ਮੁਤਾਬਕ ਨਿਵੇਸ਼ ਵਿੱਚ ਸ਼ੇਅਰ ਦੀ ਕੀਮਤ ਦੇ ਹਿਸਾਬ ਨਾਲ ਕੰਪਨੀ ਦਾ ਮੁਲਾਂਕਣ 4.91 ਲੱਖ ਕਰੋੜ ਰੁਪਏ ਅਤੇ ਉੱਧਮ ਦੇ ਹਿਸਾਬ ਨਾਲ ਮੁਲਾਂਕਣ 5.16 ਲੱਖ ਕਰੋੜ ਰੁਪਏ ਨਿਰਧਾਰਤ ਕੀਤਾ ਗਿਆ ਹੈ।