ਨਵੀਂ ਦਿੱਲੀ: ਦੇਸ਼ ਦੇ ਲਗਭਗ 80 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਕੋਰੋਨਾ ਅਵਧੀ ਦੌਰਾਨ ਮੁਫ਼ਤ ਅਨਾਜ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ.ਐੱਮ.ਜੀ.ਕੇ.ਏ.) 30 ਨਵੰਬਰ ਨੂੰ ਖ਼ਤਮ ਹੋ ਰਹੀ ਹੈ ਅਤੇ ਅਜੇ ਤੱਕ ਇਸ ਨੂੰ ਜਾਰੀ ਨਹੀਂ ਰੱਖਣ ਬਾਰੇ ਹੁਣ ਤੱਕ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ।
ਕੇਂਦਰੀ ਖਪਤਕਾਰਾਂ ਦੇ ਮਾਮਲਿਆਂ, ਖੁਰਾਕ ਅਤੇ ਜਨਤਕ ਮੰਤਰਾਲੇ ਅਧੀਨ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਇੱਕ ਸਰੋਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪੀਐਮਜੀਕੇਏਵਾਈ ਦੇ ਤਹਿਤ ਹਰ ਮਹੀਨੇ ਪੰਜ ਕਿੱਲੋ ਕਣਕ ਜਾਂ ਚਾਓਲ ਦੀ ਮੁਫ਼ਤ ਵੰਡ ਦੀ ਯੋਜਨਾ 30 ਨਵੰਬਰ ਨੂੰ ਖ਼ਤਮ ਹੋਵੇਗੀ।
ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮੁਫ਼ਤ ਅਨਾਜ ਵੰਡ ਦੀ ਇਸ ਯੋਜਨਾ ਨੂੰ ਅੱਗੇ ਵਧਾਉਣ ਬਾਰੇ ਕੁਝ ਸੋਚਿਆ ਨਹੀਂ ਗਿਆ ਹੈ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਦੇ ਲਾਭਪਾਤਰੀਆਂ ਨੂੰ ਪਹਿਲਾਂ ਤੋਂ ਹੀ ਕਿਫਾਇਤੀ ਦਰਾਂ 'ਤੇ ਉਪਲਬਧ ਰਾਸ਼ਨ ਮਿਲਣਾ ਜਾਰੀ ਰਹੇਗਾ, ਪਰ ਪੀ.ਐੱਮ.ਜੀ.ਕੇ.ਏ.ਵਾਈ ਦੇ ਅਧੀਨ ਮੁਫ਼ਤ ਰਾਸ਼ਨ ਵੰਡਣ ਦੀ ਯੋਜਨਾ ਸਿਰਫ਼ 30 ਨਵੰਬਰ ਤੱਕ ਹੈ।
ਦੱਸ ਦੱਈਏ ਕਿ ਇਸ ਸਾਲ ਮਾਰਚ ਵਿੱਚ ਕੋਰੋਨਾ ਮਹਾਂਮਾਰੀ ਨੂੰ ਦਰਪੇਸ਼ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਪੀਐਮਜੀਕੇਏ ਦਾ ਐਲਾਨ ਕੀਤਾ ਸੀ। ਸ਼ੁਰੂ ਵਿੱਚ ਪੀਐਮਜੀਕੇਅ ਤਹਿਤ, ਹਰ ਰਾਸ਼ਨ ਕਾਰਡ ਧਾਰਕ ਨੂੰ ਪੰਜ ਕਿਲੋ ਅਨਾਜ (ਕਣਕ / ਚੌਲ) ਅਤੇ ਹਰ ਰਾਸ਼ਨ ਕਾਰਡ ਧਾਰਕ ਪਰਿਵਾਰ ਨੂੰ ਅਪਰੈਲ, ਮਈ ਅਤੇ ਜੂਨ ਮਹੀਨੇ ਵਿੱਚ ਹਰ ਮਹੀਨੇ ਇੱਕ ਕਿੱਲੋ ਦਾਲ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਬਾਅਦ ਵਿੱਚ ਇਸ ਨੂੰ ਪੰਜ ਮਹੀਨਿਆਂ ਹੋਰ ਵਧਾ ਕੇ 30 ਨਵੰਬਰ ਕੀਤਾ ਗਿਆ।
30 ਜੂਨ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀਐਮਜੀਕੇਏਵਾਈ ਤਹਿਤ ਮੁਫ਼ਤ ਅਨਾਜ ਵੰਡ ਦੀ ਯੋਜਨਾ ਨੂੰ 30 ਨਵੰਬਰ ਤੱਕ ਵਧਾਉਣ ਦਾ ਐਲਾਨ ਕੀਤਾ। ਜੁਲਾਈ ਤੋਂ ਲਾਗੂ ਕੀਤੇ ਗਏ ਪੀਐਮਜੀਕੇਏ ਦੇ ਦੂਜੇ ਪੜਾਅ ਵਿੱਚ, ਹਰ ਰਾਸ਼ਨ ਕਾਰਡ ਧਾਰਕ ਪਰਿਵਾਰ ਨੂੰ ਇੱਕ ਕਿਲੋ ਦਾਲ ਦੀ ਬਜਾਏ ਇਕ ਕਿੱਲੋ ਚਣੇ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਮੁਫ਼ਤ ਅਨਾਜ ਵੰਡ ਦੀ ਇਸ ਸਕੀਮ ਲਈ ਕੇਂਦਰ ਸਰਕਾਰ ਵੱਲੋਂ 100 ਫ਼ੀਸਦੀ ਵਿੱਤੀ ਬੋਝ ਚੁੱਕਿਆ ਗਿਆ ਹੈ ਅਤੇ ਇਹ ਯੋਜਨਾ ਕੋਰੋਨਾ ਦੇ ਸਮੇਂ ਦੌਰਾਨ ਦੇਸ਼ ਦੇ ਗਰੀਬਾਂ ਲਈ ਵਰਦਾਨ ਸਿੱਧ ਹੋਈ ਹੈ।
(ਆਈ.ਏ.ਐੱਨ.ਐੱਸ.)