ਨਵੀਂ ਦਿੱਲੀ: ਦੇਸ਼ ਵਿੱਚ ਬਿਜਲੀ ਦੀ ਖਪਤ ਮਾਰਚ ਵਿੱਚ 9.24 ਫੀਸਦ ਘਟ ਕੇ 100.13 ਅਰਬ ਯੂਨਿਟ ਰਹਿ ਗਈ ਹੈ। ਮੁੱਖ ਤੌਰ ਉੱਤੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਾਲਾਬੰਦੀ ਕਾਰਨ ਵਪਾਰਕ ਅਤੇ ਉਦਯੋਗਿਕ ਮੰਗ ਘੱਟ ਹੋ ਗਈ ਹੈ।
ਇਕ ਸਾਲ ਪਹਿਲਾਂ ਇਸੇ ਮਹੀਨੇ ਇਹ 110.32 ਅਰਬ ਯੂਨਿਟ ਸੀ। ਨੈਸ਼ਨਲ ਲੋਡ ਡਿਸਪੈਚ ਸੈਂਟਰ ਦੇ ਅੰਕੜਿਆਂ ਅਨੁਸਾਰ ਇਸ ਸਾਲ ਮਾਰਚ ਵਿੱਚ ਬਿਜਲੀ ਦੀ ਖਪਤ 100.13 ਅਰਬ ਯੂਨਿਟ ਰਹੀ। ਅੰਕੜਿਆਂ ਅਨੁਸਾਰ, ਮਾਰਚ 1 ਤੋਂ 21 ਮਾਰਚ ਦੇ ਮੁਕਾਬਲੇ ਮਾਰਚ 22 ਤੋਂ 31 ਦੌਰਾਨ ਬਿਜਲੀ ਦੀ ਮੰਗ ਬਹੁਤ ਘੱਟ ਰਹੀ।
ਕੋਰੋਨਾ ਵਾਇਰਸ ਕਾਰਨ ਸਰਕਾਰ ਨੇ 25 ਮਾਰਚ ਤੋਂ 21 ਦਿਨਾਂ ਤੱਕ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਹੈ। ਅੰਕੜਿਆਂ ਅਨੁਸਾਰ, ਮਾਰਚ ਦੇ ਪਹਿਲੇ ਤਿੰਨ ਹਫ਼ਤਿਆਂ ਨੂੰ ਦੇਸ਼ ਵਿੱਚ ਬਿਜਲੀ ਸਪਲਾਈ 3 ਮਾਰਚ ਨੂੰ ਸਭ ਤੋਂ ਵੱਧ 1,70,170 ਮੈਗਾਵਾਟ ਸੀ, ਜਦੋਂ ਕਿ ਮਹੀਨੇ ਵਿੱਚ ਬਾਕੀ 10 ਦਿਨਾਂ ਦੇ ਦੌਰਾਨ, 23 ਮਾਰਚ ਨੂੰ ਇਹ 1,45,490 ਮੈਗਾਵਾਟ 'ਤੇ ਆ ਗਈ।
ਇਸ ਤਰ੍ਹਾਂ ਇਸ ਸਮੇਂ ਦੌਰਾਨ ਬਿਜਲੀ ਦੀ ਵੱਧ ਤੋਂ ਵੱਧ ਸਪਲਾਈ 25,000 ਮੈਗਾਵਾਟ ਭਾਵ 17 ਫੀਸਦੀ ਘੱਟ ਗਈ ਹੈ। ਅੰਕੜਿਆਂ ਅਨੁਸਾਰ 27 ਮਾਰਚ ਨੂੰ ਇਹ 1,15,230 ਮੈਗਾਵਾਟ ਤੱਕ ਪਹੁੰਚ ਗਈ।