ਨਵੀਂ ਦਿੱਲੀ : ਆਮਦਨ ਕਰ ਵਿਭਾਗ ਨੇ ਵਿਅਕਤੀਗਤ ਲੋਕਾਂ ਨੂੰ ਚਾਲੂ ਵਿੱਤੀ ਸਾਲ ਦੇ ਲਈ 15ਜੀ ਅਤੇ 15ਐੱਚ ਫ਼ਾਰਮ ਭਰਨ ਦੇ ਲਈ 30 ਜੂਨ ਤੋਂ ਬਾਅਦ ਹੋਰ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਹ ਫ਼ਾਰਮ ਵਿਆਜ਼ ਆਮਦਨ ਉੱਤੇ ਸਰੋਤਾਂ ਉੱਤੇ ਕਰ ਕਟੌਤੀ (ਟੀਡੀਐੱਸ) ਤੋਂ ਛੋਟ ਦੇ ਲਈ ਭਰਨੇ ਹੁੰਦੇ ਹਨ।
ਕੋਵਿਡ-19 ਦੇ ਮੱਦੇਨਜ਼ਰ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਫ਼ਾਰਮ 15ਜੀ ਅਤੇ 15ਐੱਚ ਉਨ੍ਹਾਂ ਲੋਕਾਂ ਨੂੰ ਭਰਨਾ ਪੈਂਦਾਂ ਜਿੰਨ੍ਹਾਂ ਦੀ ਆਮਦਨ ਕਰ ਯੋਗ ਸੀਮਾ ਤੋਂ ਘੱਟ ਹੈ। ਇਹ ਫ਼ਾਰਮ ਵਿਆਜ਼ ਆਮਦਨ ਕਰ ਟੀਡੀਐੱਸ ਛੋਟ ਦੇ ਲਈ ਭਰਨੇ ਹੁੰਦੇ ਹਨ।
ਆਮਤੌਰ ਉੱਤੇ ਕਰਦਾਤਾ ਇਹ ਫ਼ਾਰਮ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੇ ਕੋਲ ਅਪ੍ਰੈਲ ਵਿੱਚ ਜਮ੍ਹਾ ਕਰਵਾਉਂਦੇ ਹਨ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਵਿੱਤੀ ਸਾਲ ਵਿੱਚ ਜਮ੍ਹਾ ਕਰਵਾਏ ਗਏ 15ਜੀ ਅਤੇ 15ਐੱਚ ਫ਼ਾਰਮ 30 ਜੂਨ, 2020 ਤੱਕ ਵੈਧ ਰਹਿਣਗੇ। ਕੋਵਿਡ-19 ਨਾਲ ਸਾਰੇ ਖੇਤਰਾਂ ਦਾ ਕੰਮਕਾਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਵਿੱਚ ਬੈਂਕ ਅਤੇ ਹੋਰ ਸੰਸਥਾਵਾਂ ਸ਼ਾਮਿਲ ਹਨ।
ਸੀਬੀਡੀਟੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਕੁੱਝ ਲੋਕ ਫ਼ਾਰਮ ਜਮ੍ਹਾ ਨਹੀਂ ਕਰਵਾ ਸਕੇ। ਅਜਿਹੇ ਵਿੱਚ ਕੋਈ ਕਰ ਦੇਣਦਾਰੀ ਨਾ ਹੋਣ ਉੱਤੇ ਉਨ੍ਹਾਂ ਦਾ ਟੀਡੀਐੱਸ ਕੱਟ ਜਾਵੇਗਾ। ਸੀਬੀਡੀਟੀ ਨੇ ਕਿਹਾ ਕਿ ਅਜਿਹੇ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦੇ ਲਈ ਇਹ ਕਦਮ ਚੁੱਕਿਆ ਗਿਆ ਹੈ।
ਜੇ ਕਿਸੇ ਵਿਅਕਤੀ ਨੇ ਵਿੱਤੀ ਸਾਲ 2019-20 ਦੇ ਲਈ ਬੈਂਕ ਜਾਂ ਹੋਰ ਵਿੱਤ ਸੰਸਥਾਵਾਂ ਦੇ ਕੋਲ ਵੈਧ 15ਜੀ ਅਤੇ 15ਐੱਚ ਫ਼ਾਰਮ ਜਮ੍ਹਾ ਕਰਾਇਆ ਹੈ ਤਾਂ ਇਹ ਵਿੱਤੀ ਸਾਲ 2020-21 ਦੇ ਲਈ 30 ਜੂਨ, 2020 ਤੱਕ ਵੈਧ ਰਹੇਗਾ। ਜਿੱਥੇ ਫ਼ਾਰਮ 15ਐੱਚ ਸੀਨੀਅਰ ਨਾਗਰਿਕਾਂ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਹੈ, ਫ਼ਾਰਮ 15ਜੀ ਅਜਿਹੇ ਲੋਕਾਂ ਨੂੰ ਜਮ੍ਹਾਂ ਕਰਵਾਉਣਾ ਹੁੰਦਾ ਹੈ ਜਿੰਨ੍ਹਾਂ ਦੀ ਕਰ ਯੋਗ ਆਮਦਨ ਛੋਟ ਦੀ ਸੀਮਾ ਤੋਂ ਘੱਟ ਹੁੰਦੀ ਹੈ।
(ਪੀਟੀਆਈ-ਭਾਸ਼ਾ)