ਨਵੀਂ ਦਿੱਲੀ: ਵਿੱਤੀ ਸਾਲ 2020-21 ਦੇ ਆਮ ਬਜਟ ਦੀਆਂ ਤਿਆਰੀਆਂ ਜ਼ੋਰਾਂ ਉੱਤੇ ਚੱਲ ਰਹੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ 20 ਜਨਵਰੀ ਨੂੰ ਹਲਵਾ ਬਣਾਉਣ ਦੀ ਰਸਮ ਦੇ ਨਾਲ ਬਜਟ ਦੇ ਦਸਤਾਵੇਜਡਾਂ ਦੀ ਛਪਾਈ ਸ਼ੁਰੂ ਹੋ ਜਾਵੇਗੀ।
ਸੀਤਾਰਮਨ 1 ਫ਼ਰਵਰੀ 2020 ਨੂੰ ਕੇਂਦਰੀ ਬਜਟ ਪੇਸ਼ ਕਰੇਗੀ। ਦਿੱਲੀ ਦੇ ਸੈਂਟਰਲ ਸਕੱਤਰੇਤ ਵਿਖੇ ਸਥਿਤ ਨਾਰਥ ਬਲਾਕ ਵਿੱਚ ਹਲਵਾ ਬਣਾਉਣ ਦੀ ਰਸਮ ਦੌਰਾਨ ਵਿੱਤ ਮੰਤਰੀ ਤੋਂ ਇਲਾਵਾ ਮੰਤਰਾਲੇ ਦੇ ਹੋਰ ਅਧਿਕਾਰੀ ਅਤੇ ਕਲਰਕ ਵੀ ਮੌਜੂਦ ਹੋਣਗੇ।
ਇਹ ਵੀ ਪੜ੍ਹੋ: ਬਜਟ 2020: ਸਸਤੇ ਹੋ ਸਕਦੇ ਹਨ ਖਿਡੌਣੇ, ਫ਼ਰਨੀਚਰ ਤੇ ਜੁੱਤੇ
ਇਸ ਦੌਰਾਨ ਕਈ ਮੰਤਰੀ ਵੀ ਹਾਜ਼ਰ ਹੋਣਗੇ। ਹਰ ਸਾਲ ਬਜਟ ਦੇ ਲਈ ਉਸ ਦੇ ਦਸਤਾਵੇਜ਼ਾਂ ਦੀ ਛਪਾਈ ਤੋਂ ਪਹਿਲਾਂ ਹਲਵਾ ਬਣਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ। ਹਲਵਾ ਤਿਆਰ ਹੋਣ ਤੋਂ ਬਾਅਦ ਇਸ ਨੂੰ ਵਿੱਤ ਮੰਤਰੀ ਅਤੇ ਹੋਰ ਮੰਤਰੀਆਂ ਅਤੇ ਅਧਿਕਾਰੀਆਂ ਵਿੱਚ ਵੰਡਿਆ ਜਾਂਦਾ ਹੈ। ਆਮ ਤੌਰ ਉੱਤੇ ਹਲਵਾ ਬਣਾਉਣ ਦੀ ਰਸਮ ਵਿੱਚ ਬਜਟ ਬਣਾਉਣ ਵਿੱਚ ਲੱਗੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਬਜਟ ਨੂੰ ਗੁਪਤ ਰੱਖਣ ਲਈ ਬਜਟ ਪ੍ਰਕਿਰਿਆ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਬਜਟ ਪੇਸ਼ ਹੋਣ ਤੱਕ ਵਿੱਤ ਮੰਤਰਾਲੇ ਦੇ ਦਫ਼ਤਰ ਨਾਰਥ ਬਲਾਕ ਵਿੱਚ ਹੀ ਰਹਿਣਾ ਪੈਂਦਾ ਹੈ।
ਬਜਟ ਬਣਾਉਣ ਦੀ ਪ੍ਰਕਿਰਿਆ ਤੱਕ ਕੋਈ ਵੀ ਅਧਿਕਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਤੱਕ ਨਹੀਂ ਕਰ ਸਕਦਾ। ਏਨਾ ਹੀ ਨਹੀਂ ਬਜਟ ਦਸਤਾਵੇਜ਼ਾਂ ਨੂੰ ਛਾਪਣ ਦਾ ਕੰਮ ਵੀ ਨਾਰਥ ਬਲਾਕ ਵਿੱਚ ਬਣੇ ਛਾਪੇਖ਼ਾਨੇ ਵਿੱਚ ਕੀਤਾ ਜਾਂਦਾ ਹੈ।