ਨਵੀਂ ਦਿੱਲੀ : ਵਿੱਤੀ ਸੰਕਟ ਕਾਰਨ ਦੂਰਸੰਚਾਰ ਕੰਪਨੀ ਵੋਡਾਫ਼ੋਨ ਆਇਡੀਆ ਅਤੇ ਏਅਰਟੈਲ ਦਸੰਬਰ ਤੋਂ ਮੋਬਾਈਲ ਸੇਵਾ ਦੀਆਂ ਦਰਾਂ ਵਧਾਉਣ ਦਾ ਫ਼ੈਸਲਾ ਕੀਤਾ ਹੈ। ਕਰਜ਼ ਹੇਠਾਂ ਦੱਬੀਆਂ ਕੰਪਨੀਆਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ।
ਵੋਡਾਫ਼ੋਨ ਆਇਡੀਆ ਨੇ ਬਿਆਨ ਕਿਹਾ ਕਿ ਆਪਣੇ ਗਾਹਕਾਂ ਨੂੰ ਵਿਸ਼ਵ ਪੱਧੜੀ ਡਿਜ਼ੀਟਲ ਅਨੁਭਵ ਦੇਣ ਲਈ ਕੰਪਨੀ ਇੱਕ ਦਸੰਬਰ 2019 ਤੋਂ ਆਪਣੇ ਟੈਰਿਫ਼ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ। ਹਾਲਾਂਕਿ ਕੰਪਨੀ ਨੇ ਫ਼ਿਲਹਾਲ ਟੈਰਿਫ਼ ਵਿੱਚ ਪ੍ਰਸਤਾਵਿਤ ਵਾਧੇ ਨਾਲ ਜੁੜੀ ਜਾਣਕਾਰੀ ਨਹੀਂ ਦਿੱਤੀ ਹੈ।
ਦੂਸਰੀ ਤਿਮਾਹੀ ਵਿੱਚ ਕੁੱਲ ਲਗਭਗ 74,000 ਕਰੋੜ ਦਾ ਹੋਇਆ ਘਾਟਾ
ਵੋਡਾਫ਼ੋਨ-ਆਈਡਿਆ ਨੇ ਦੂਸਰੀ ਤਿਮਾਹੀ ਵਿੱਚ 50,921 ਕਰੋੜ ਰੁਪਏ ਅਤੇ ਭਾਰਤੀ ਏਅਰਟੈੱਲ ਨੇ 23,045 ਕਰੋੜ ਰੁਪਏ ਦਾ ਨੁਕਸਾਨ ਦਿਖਾਇਆ ਹੈ। ਪਿਛਲੇ ਮਹੀਨੇ ਸੁਪਰੀਮ ਕੋਰਟ ਦੇ ਇੱਕ ਫ਼ੈਸਲੇ ਕਾਰਨ ਕੰਪਨੀਆਂ ਉੱਤੇ ਸਪੈਕਟ੍ਰਮ ਵਰਤੋਂ ਟੈਕਸ ਅਤੇ ਮਾਲੀਏ ਵਿੱਚ ਸਰਕਾਰ ਦੀ ਹਿੱਸੇਦਾਰੀ ਵਰਗੀਆਂ ਮਦਾਂ ਵਿੱਚ ਦੇਣਦਾਰੀ ਅਚਾਨਕ ਵੱਧ ਗਈ ਹੈ।
ਏਜੀਆਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੋਇਆ ਨੁਕਸਾਨ
ਵਿਵਸਥਿਤ ਕੁੱਲ ਆਮਦਨੀ (ਏਜੀਆਰ) ਨੂੰ ਲੈ ਕੇ ਸੁਪਰੀਮ ਕੋਰਟ ਦੇ ਮੱਦੇਨਜ਼ਰ ਬਕਾਏ ਦੇ ਭੁਗਤਾਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਕਾਰਨ ਉਸ ਨੂੰ ਇਹ ਨੁਕਸਾਨ ਹੋਇਆ। ਕੋਰਟ ਨੇ ਸਰਕਾਰ ਦੇ ਪੱਖ ਵਿੱਚ ਫ਼ੈਸਲਾ ਦਿੰਦੇ ਹੋਏ ਵੋਡਾਫ਼ੋਨ ਆਈਡਿਆ ਅਤੇ ਏਅਰਟੈੱਲ ਸਮੇਤ ਹੋਰ ਦੂਰਸੰਚਾਰ ਕੰਪਨੀਆਂ ਨੂੰ ਬਕਾਏ ਦਾ ਭੁਗਤਾਨ ਦੂਰਸੰਚਾਰ ਵਿਭਾਗ ਨੂੰ ਕਰਨ ਦੇ ਹੁਕਮ ਦਿੱਤੇ ਹਨ।
ਕਾਰੋਬਾਰ ਜਾਰੀ ਰੱਖਣ ਲਈ ਸਰਕਾਰੀ ਰਾਹਤ ਦੀ ਜ਼ਰੂਰਤ
ਵੋਡਾਫ਼ੋਨ ਆਈਡਿਆ ਨੇ ਕਿਹਾ ਕਿ ਹੁਣ ਕਾਰੋਬਾਰ ਜਾਰੀ ਰੱਖਣ ਦੀ ਉਸ ਦੀ ਸਮਰੱਥਾ ਸਰਕਾਰੀ ਰਾਹਤ ਅਤੇ ਕਾਨੂੰਨੀ ਵਿਕਲਪਾਂ ਦੇ ਸਾਕਾਰਾਤਮਕ ਨਤੀਜਿਆਂ ਉੱਤੇ ਨਿਰਭਰ ਕਰੇਗੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦੂਰਸੰਚਾਰ ਖੇਤਰ ਵਿੱਚ ਗੰਭੀਰ ਵਿੱਤੀ ਸੰਕਟ ਨੂੰ ਸਾਰੇ ਹਿੱਤਧਾਰਕਾਂ ਨੇ ਮੰਨਿਆ ਹੈ ਅਤੇ ਕੈਬਿਨੇਟ ਸਕੱਤਰ ਦੀ ਅਗਵਾਈ ਵਿੱਚ ਇੱਕ ਉੱਚ-ਪੱਧਰੀ ਕਮੇਟੀ ਉੱਚਿਤ ਰਾਹਤ ਦੇਣ ਉੱਤੇ ਵਿਚਾਰ ਕਰ ਰਹੀ ਹੈ।