ਭੋਪਾਲ: ਮੱਧਪ੍ਰਦੇਸ਼ ’ਚ ਪਰਾਲੀ ਨੂੰ ਜਲਾਉਣ ਤੋਂ ਹੋਣ ਵਾਲੇ ਵਾਤਾਵਰਣ ਦੇ ਨੁਕਸਾਨ ਨੂੰ ਰੋਕਣ ਲਈ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਸੂਬੇ ’ਚ ਪਰਾਲੀ ਤੋਂ ਇੰਧਨ ਬਨਾਉਣ ਵਾਲੀਆਂ ਇਕਾਈਆਂ ਸਥਾਪਿਤ ਕਰਨ ਦਾ ਪ੍ਰਸਤਾਵ ਹੈ।
ਸੂਬੇ ਦੇ ਖੇਤੀ ਮੰਤਰੀ ਕਮਲ ਪਟੇਲ ਨੇ ਬੀਤ੍ਹੇ ਦਿਨੀਂ ਦਿੱਲੀ ’ਚ ਕੇਂਦਰੀ ਪਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨਾਲ ਮੁਲਾਕਾਤ ਕੀਤੀ ਅਤੇ ਕਈ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ। ਪਟੇਲ ਦਾ ਕਹਿਣਾ ਹੈ ਕਿ ਸੂਬੇ ’ਚ ਪਰਾਲੀ ਜਲਾਉਣ ਨਾਲ ਹੋ ਰਹੇ ਵਾਤਾਵਰਣ ਦੇ ਨੁਕਸਾਨ ਨੂੰ ਰੋਕਣ ਲਈ ਪਰਾਲੀ ਤੋਂ ਇੰਧਨ ਬਨਾਉਣ ਵਾਲੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।
ਗੌਰਤਲੱਬ ਹੈ ਕਿ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਜਲਾਉਣ ਲਈ ਕਿਸਾਨ ਖੇਤਾਂ ’ਚ ਅੱਗ ਲਾ ਦਿੰਦੇ ਹਨ, ਜਿਸਦੀ ਵਜ੍ਹਾ ਨਾਲ ਵੱਡੇ ਪੈਮਾਨੇ ’ਤੇ ਧੂੰਆ ਪੈਦਾ ਹੁੰਦਾ ਹੈ। ਜਿੱਥੇ ਇਹ ਧੂੰਆ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦਾ ਹੈ ਉਥੇ ਹੀ ਲੋਕਾਂ ’ਚ ਸਾਹ ਦੀਆਂ ਬੀਮਾਰੀਆਂ ਵੀ ਫੈਲਦੀਆਂ ਹਨ। ਇਸ ਨੂੰ ਰੋਕਣ ਲਈ ਪਰਾਲੀ ਤੋਂ ਇੰਧਨ ਬਨਾਉਣ ’ਤੇ ਜੋਰ ਦਿੱਤਾ ਜਾ ਰਿਹਾ ਹੈ।
ਪਟੇਲ ਨੇ ਅੱਗੇ ਕਿਹਾ ਕਿ ਸੂਬੇ ’ਚ 25 ਖੇਤੀ ਉਪਜ ਮੰਡੀਆਂ ’ਚ ਜਿਸ ਥਾਂ ’ਤੇ ਪਟਰੋਲ ਪੰਪ ਖੋਲ੍ਹਣਾ ਤੈਅ ਹੋ ਗਿਆ ਹੈ, ਜਲਦ ਹੀ ਮੰਡੀਆਂ ਦੀ ਜ਼ਰੂਰਤ ਅਨੁਸਾਰ ਚੁਣੇ ਜਾਣ ਤੋਂ ਬਾਅਦ ਅਗਲੀ ਪ੍ਰਕਿਰਿਆ ਸ਼ੁਰੂ ਕੀਤਾ ਜਾਵੇਗੀ। ਮੰਡੀਆਂ ’ਚ ਪੰਪ ਖੁੱਲ੍ਹਣ ਨਾਲ ਕਿਸਾਨ ਭਰਾਵਾਂ ਦੀਆਂ ਕਈ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ।
ਖੇਤੀ ਮੰਤਰੀ ਪਟੇਲ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਭਲੇ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਨ੍ਹਾਂ ਦੀ ਬਦੌਲਤ ਕਿਸਾਨ ਆਤਮ-ਨਿਰਭਰ ਤੇ ਖੁਸ਼ਹਾਲ ਹੋਣਗੇ।