ਗੁਰਦਾਸਪੁਰ: ਵਿਦੇਸ਼ ਵਿੱਚ ਜਾ ਕੇ ਪੈਸੇ ਕਮਾਉਣ ਦੀ ਲਾਲਸਾ ਵਿੱਚ ਆ ਕੇ ਲੋਕ ਗ਼ਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ। ਗੁਰਦਾਸਪੁਰ ਦੇ ਧਾਰੀਵਾਲ 'ਚ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵੀਨਾ ਨਾਂਅ ਦੀ ਔਰਤ ਗ਼ਲਤ ਏਜੰਟ ਦੇ ਜਾਲ 'ਚ ਕੇ ਕੁਵੈਤ ਵਿੱਚ ਫ਼ਸ ਗਈ। ਵਿਦੇਸ਼ ਵਿੱਚ ਫ਼ਸੀ ਆਪਣੀ ਮਾਂ ਨੂੰ ਵਾਪਿਸ ਬਲਾਉਣ ਲਈ ਬੱਚਿਆਂ ਨੂੰ ਠੋਕਰਾਂ ਖਾਣੀਆਂ ਪੈ ਰਹੀਆਂ ਹਨ।
ਵੀਨਾ ਕੁਮਾਰੀ ਦੇ ਬੇਟੇ ਰੋਹਿਤ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਅੰਮ੍ਰਿਤਸਰ ਦੇ ਇੱਕ ਏਜੰਟ ਮੁਖ਼ਤਿਆਰ ਸਿੰਘ ਨੇ ਹਾਊਸ ਕੀਪਿੰਗ ਦੇ ਕੰਮ ਲਈ ਕੁਵੈਤ ਭੇਜਿਆ ਸੀ। ਰੋਹਿਤ ਨੇ ਦੱਸਿਆ ਕਿ ਉਸ ਦੇ ਪਿਤਾ ਦਾ ਵੀ ਬੀਤੇ ਮਹੀਨੇ ਦਿਹਾਂਤ ਹੋ ਗਿਆ ਸੀ। ਆਪਣੀ ਮਾਂ ਨੂੰ ਵਾਪਸ ਬੁਲਾਉਣ ਲਈ ਉਹਨਾਂ ਵੱਲੋਂ ਏਜੰਟ ਨੂੰ 30 ਹਜ਼ਾਰ ਰੁਪਏ ਵੀ ਦਿੱਤੇ ਗਏ। ਰੋਹਿਤ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਦੇ ਦਿੱਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ ਹੈ।
ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਐਸ.ਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਵੀਨਾ ਕੁਮਾਰੀ ਦੇ ਬੇਟੇ ਰੋਹਿਤ ਕੁਮਾਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਏਜੰਟ ਨੂੰ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ।