ਮੁਹਾਲੀ: ਕੇਂਦਰੀ ਮੰਤਰੀ ਨਿਤਿਨ ਗਡਕਰੀ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਮੁਹਾਲੀ ਦੇ ਬੰਗਾਲੀ ਪਿੰਡ ਵਿੱਚ ਚੋਣ ਰੈਲੀ ਕਰਨ ਲਈ ਪਹੁੰਚੇ। ਇੱਥੇ ਉਨ੍ਹਾਂ ਨੇ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਇਸ ਮੌਕੇ 'ਤੇ ਉਨ੍ਹਾਂ ਮੌਜੂਦਾ ਸਾਂਸਦ ਤੇ ਕੇਂਦਰੀ ਮੰਤਰੀ ਦੇ ਕੀਤੇ ਕੰਮਾਂ ਦਾ ਬਿਓਰਾ ਰੱਖਿਆ ਤੇ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ।
ਇਸ ਦੌਰਾਨ ਨਿਤਿਨ ਗਡਕਰੀ ਨੇ ਕਿਹਾ ਦੇਸ਼ ਅੰਦਰ ਗਰੀਬ ਲੀਡਰਸ਼ਿਪ ਤੇ ਗਲਤ ਆਰਥਿਕ ਨੀਤੀਆਂ ਹਨ। ਗਡਕਰੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਸਹੀ ਅਗਵਾਈ ਦੀ ਕਮੀ ਹੈ, ਜਿਸਦੇ ਲਈ ਸਾਡੀ ਪਾਰਟੀ ਨੇ ਆਪਣੇ ਪਿਛਲੇ ਪੰਜ ਸਾਲ ਦਿੱਤੇ। ਗਡਕਰੀ ਨੇ ਆਪਣੇ ਭਾਸ਼ਣ ਵਿੱਚ ਪਾਣੀ ਤੇ ਸੜਕਾਂ ਦਾ ਸਿੱਧੇ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ ਕਿ 11 ਲੱਖ ਕਰੋੜ ਦੇ ਰੋਡ ਪੰਜਾਬ ਦੇ ਅੰਦਰ ਬਣਾਏ ਗਏ ਹਨ, ਜੋ 200 ਸਾਲ ਤੱਕ ਚੱਲਣਗੇ।
ਇਸ ਦੌਰਾਨ ਗਡਕਰੀ ਨੇ ਆਪਣੀ ਪੱਕੀ ਜਿੱਤ ਦਾ ਵੀ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਨੂੰ ਭਾਰੀ ਸਮਰਥਨ ਪ੍ਰਾਪਤ ਹੋਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਨੂੰ ਭਾਰੀ ਬਹੁਮਤ ਮਿਲੇਗਾ। ਗਡਕਰੀ ਨੇ ਇਹ ਵਿਸ਼ਵਾਸ ਵੀ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਹਲਕੇ ਦੇ ਸਾਰੇ ਹੀ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ।