ਗੁਰਦਾਸਪੁਰ: ਸੂਬੇ ਵਿੱਚ ਬੀਤੇ ਦਿਨ ਹੋਈਆਂ ਜ਼ਿਮਨੀ ਚੋਣਾਂ ਵਿੱਚ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਦੇ ਵਾਰਡ ਨੰ. 2 ਤੇ ਹੋਏ ਹੰਗਾਮੇ ਤੋਂ ਬਾਅਦ ਅੱਜ ਸ਼ਹਿਰ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਗਿਆ ਹੈ। ਅਕਾਲੀ-ਭਾਜਪਾ ਵਰਕਰਾਂ ਵੱਲੋਂ ਕਾਗਰਸ ਦੀ ਧੱਕੇਸ਼ਾਹੀ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਧਾਰੀਵਾਲ ਦੇ ਵਾਰਡ ਨੰ.2 ਤੇ ਅਕਾਲੀ-ਭਾਜਪਾ ਵਰਕਰਾਂ ਨੇ ਕਾਂਗਰਸ ਅਤੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਾਏ ਹਨ। ਇਸ ਵਾਰਡ ਤੇ ਮਤਦਾਨ ਪੂਰਾ ਹੋਣ ਤੋਂ ਬਾਅਦ ਵੀ ਨਤੀਜੇ ਦਾ ਐਲਾਨ ਨਹੀਂ ਕੀਤਾ ਗਿਆ। ਵੋਟਿੰਗ ਮਸ਼ੀਨਾਂ ਨੂੰ ਧਾਰੀਵਾਲ ਤੋਂ ਚੁੱਕ ਕੇ ਗੁਰਦਾਸਪੁਰ ਲੈ ਜਾਣ ਦੇ ਵਿਰੋਧ ਵਜੋਂ ਅਕਾਲੀ ਵਰਕਰਾਂ ਨੇ ਧਰਨਾ ਵੀ ਦਿੱਤਾ ਸੀ।
ਅੱਜ ਧੱਕੇਸ਼ਾਹੀ ਦੇ ਵਿਰੋਧ ਵਿੱਚ ਅਕਾਲੀ-ਭਾਜਪਾ ਵਰਕਰਾਂ ਵੱਲੋਂ ਧਾਰੀਵਾਲ ਬੰਦ ਕੀਤਾ ਗਿਆ ਹੈ ਜਿਸ ਲਈ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।