ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਕਾਂਗਰਸ ਨੇ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣਾਂ ਲਈਂ ਆਪਣਾ ਉਮੀਦਵਾਰ ਐਲਾਨਿਆ ਹੈ। ਕਾਂਗਰਸ ਨੇ ਸੱਤ ਵਿੱਚੋਂ ਛੇ ਉਮੀਦਵਾਰਾਂ ਦਾ ਐਲਾਨ ਤਾਂ ਕਰ ਦਿੱਤਾ ਸੀ ਪਰ ਦੱਖਣੀ ਦਿੱਲੀ ਦੀ ਸੀਟ ਬਾਰੇ ਅਜੇ ਲੁਕੋ ਰੱਖਿਆ ਹੋਇਆ ਸੀ।
ਦੱਸ ਦਈਏ ਕਿ ਹਰਿਆਣਾ ਪੁਲਿਸ 'ਚ ਬਤੌਰ ਡੀਐੱਸਪੀ ਵਿਜੇਂਦਰ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਾਜਨੀਤੀ 'ਚ ਜਾਣ ਦਾ ਫ਼ੈਸਲਾ ਕੀਤਾ ਹੈ। ਵਿਜੇਂਦਰ ਸਿੰਘ ਹੁਣ ਦੱਖਣੀ ਦਿੱਲੀ ਤੋਂ ਲੋਕ ਸਭਾ ਚੋਣ ਲੜਨਗੇ।
ਇੱਕ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਕਾਂਗਰਸ ਦੱਖਣੀ ਦਿੱਲੀ ਤੋਂ ਸੱਜਣ ਕੁਮਾਰ ਦੇ ਭਰਾ ਰਮੇਸ਼ ਕੁਮਾਰ ਨੂੰ ਟਿਕਟ ਦੇ ਸਕਦੀ ਹੈ। ਇਸ ਨੂੰ ਲੈ ਕੇ ਦਿੱਲੀ 'ਚ ਸਿੱਖਾਂ ਵਲੋਂ ਨਾਰਾਜ਼ਗੀ ਜਤਾਈ ਗਈ ਅਤੇ ਉਨ੍ਹਾਂ ਇਸ ਗੱਲ ਦਾ ਵਿਰੋਧ ਕੀਤਾ। ਇਹੀ ਕਾਰਨ ਹੈ ਕਿ ਫਿਰ ਦੱਖਣੀ ਦਿੱਲੀ ਤੋਂ ਕਾਂਗਰਸ ਨੇ ਵਿਜੇਂਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ।
ਦੱਸਣਯੋਗ ਹੈ ਕਿ ਵਿਜੇਂਦਰ ਸਿੰਘ ਨੂੰ ਭਾਜਪਾ ਦੇ ਮੌਜੂਦਾ ਸਾਂਸਦ ਅਤੇ ਉਮੀਦਵਾਰ ਰਮੇਸ਼ ਬਿਧੁੜੀ ਵਿਰੁੱਧ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਹੈ ਅਤੇ ਦੱਖਣੀ ਦਿੱਲੀ 'ਚ ਦੋਹਾਂ ਵਿਚਕਾਰ ਹੀ ਮੁਕਾਬਲਾ ਹੋਵੇਗਾ।