ਮੋਗਾ: ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਪੰਜਗਰਾਈ ਦੇ ਸੂਏ ਵਿਚੋਂ ਇਕ ਬੈਂਕ ਮੁਲਾਜ਼ਮ ਦੀ ਭੇਦਭਰੇ ਹਾਲਾਤ ਵਿੱਚ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਸਾਥੀ ਨੇ ਕਿਹਾ ਕਿ ਉਹ ਤੇ ਗੁਰਪ੍ਰੀਤ ਸਿੰਘ ਕੋਟਕਪੂਰਾ ਵਿੱਚ ਸਥਿਤ ਪ੍ਰਾਈਵੇਟ ਬੈਂਕ ਦੇ ਲੋਨ ਵਿਭਾਗ ਵਿੱਚ ਕੰਮ ਕਰਦੇ ਹਨ। ਗੁਰਪ੍ਰੀਤ ਸਿੰਘ ਕੋਲ ਮੋਗਾ ਜ਼ਿਲ੍ਹੇ ਦਾ ਏਰੀਆ ਸੀ ਅਤੇ ਉਹ ਪੂਰੇ ਮੋਗਾ ਜ਼ਿਲ੍ਹੇ ਵਿੱਚ ਲੋਨ ਸਬੰਧੀ ਫਾਈਲਾਂ ਪਾਸ ਕਰਵਾਉਂਦਾ ਸੀ। ਰਾਜ ਕੁਮਾਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਰੋਜ਼ਾਨਾ ਸਵੇਰੇ ਕੰਮ ਉੱਤੇ ਆਉਂਦਾ ਸੀ ਤੇ ਸ਼ਾਮ ਨੂੰ ਵਾਪਸ ਘਰ ਵਾਪਸ ਚਲਾ ਜਾਂਦਾ ਸੀ, ਅਤੇ ਉਸ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਮਹਿਰਾਜ ਦਾ ਵਸਨੀਕ ਹੈ ਤੇ ਉਹ ਕੰਮ ਕਰਨ ਲਈ ਮੋਗਾ ਵਿੱਚ ਆਇਆ ਸੀ। ਅੱਜ ਗੁਰਪ੍ਰੀਤ ਦੀ ਲਾਸ਼ ਸੂਏ ਵਿੱਚ ਸ਼ੱਕੀ ਹਾਲਾਤ ਵਿੱਚ ਮਿਲੀ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਦੀ ਰਿਸ਼ਤੇਦਾਰਾਂ ਨਾਲ ਰੰਜਿਸ਼ ਚਲੀ ਆ ਰਹੀ ਸੀ ਕਿਉਂਕਿ ਉਸ ਨੇ ਸਾਲ 2018 ਵਿੱਚ ਆਪਣੇ ਪਿੰਡ ਵਿੱਚ ਸਰਪੰਚੀ ਦੀਆਂ ਚੋਣਾਂ ਲੜੀਆਂ ਸਨ।
ਸਬ-ਇੰਸਪੈਕਟਰ ਅੰਗਰੇਜ਼ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਮੌਤ ਅਣਪਛਾਤੇ ਵਾਹਨ ਦੀ ਚਪੇਟ ਚ' ਆਉਣ ਕਾਰਨ ਹੋਈ ਹੈ, ਕਿਉਂਕਿ ਗੁਰਪ੍ਰੀਤ ਸਿੰਘ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਟੁੱਟ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਕਤ ਮਾਮਲੇ ਵਿੱਚ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਭਰਾ ਲਖਵਿੰਦਰ ਸਿੰਘ ਦੇ ਬਿਆਨਾਂ ਉੱਤੇ 304 ਏ ਦੀ ਧਾਰਾ ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।