ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਵਿੱਚ ਕਣਕ ਦੀ ਖਰੀਦ ਸ਼ੁਰੂ ਹੋਏ ਨੂੰ ਅਜੇ ਕੁੱਝ ਦਿਨ ਹੀ ਹੋਏ ਸੀ ਪਰ ਬੇਮੌਸਮੀ ਬਰਸਾਤ ਨੇ ਜਿੱਥੇ ਕਣਕ ਵਿੱਚ ਨਮੀ ਦੀ ਮਾਤਰਾ ਵਧਾ ਦਿੱਤੀ ਹੈ ਉੱਧਰ ਹੀ ਦੂਜੇ ਪਾਸੇ ਮੰਡੀ ਵਿੱਚ ਪ੍ਰਬੰਧਾਂ ਦੀ ਘਾਟ ਨੇ ਵੀ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ।
ਖੰਨਾ ਦੀ ਇਹ ਮੰਡੀ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਇਥੇ ਪੰਜਾਬ ਦੇ ਵੱਖ ਵੱਖ ਕੌਨੇ ਤੋਂ ਕਿਸਾਨ ਆਪਣੀ ਫ਼ਸਲ ਨੂੰ ਵੇਚਣ ਆਉਂਦੇ ਹਨ। ਇਸ ਮੰਡੀ 'ਚ ਕਣਕ ਦੀ ਆਮਦ ਸ਼ੁਰੂ ਹੋਈ ਨੂੰ 10 ਦਿਨ ਹੋ ਚੁੱਕੇ ਹਨ, ਪਰ ਬੇਮੌਸਮੀ ਬਰਸਾਤ ਕਾਰਨ ਕਣਕ ਵਿੱਚ ਨਮੀ ਦੀ ਮਾਤਰਾ ਵਧ ਗਈ ਹੈ। ਮੰਡੀ ਨੂੰ ਭਾਵੇਂ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਦਾ ਦਰਜਾ ਮਿਲਿਆ ਹੈ ਪਰ ਮੰਡੀ 'ਚ ਅਜੇ ਤੱਕ ਕਿਸਾਨਾਂ ਲਈ ਪੁਖਤਾ ਪ੍ਰਬੰਧ ਨਹੀਂ ਹਨ।
ਇੱਕ ਪਾਸੇ ਕਿਸਾਨ ਮੌਸਮ ਦੀ ਮਾਰ ਝੱਲ ਰਿਹਾ ਹੈ ਤੇ ਦੂਜੇ ਪਾਸੇ ਪੁੱਖਤਾ ਪ੍ਰਬੰਧ ਨਾ ਮਿਲਣ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਵੀ ਉਡ ਗਈ ਹੈ। ਕਿਸਾਨਾਂ ਦਾ ਮੌਜੂਦਾ ਸਰਕਾਰ 'ਤੇ ਦੋਸ਼ ਹੈ ਕਿ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ। ਪੁੱਤਾਂ ਵਾਂਗੂ ਪਾਲੀ ਫ਼ਸਲ ਦੀ ਖਰੀਦ ਸਮੇਂ ਤੇ ਨਾ ਹੋਣਾ, ਮੀਂਹ ਦੀ ਮਾਰ ਨਾਲ ਨਮੀ ਦਾ ਵੱਧਣਾ ਅਤੇ ਮੰਡੀ ਵਿੱਚ ਪ੍ਰਬੰਧਾਂ ਦੀ ਘਾਟ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਰਹੀਆਂ ਹਨ।