ਨਵੀਂ ਦਿੱਲੀ: ਐਡਮੀਰਲ ਕਰਮਬੀਰ ਸਿੰਘ (ਸਹੁੰ ਚੁੱਕਣ ਤੋਂ ਪਹਿਲਾਂ ਵਾਈਸ ਐਡਮੀਰਲ) ਨੇ ਸ਼ੁਕਰਵਾਰ ਨੂੰ ਐਡਮੀਰਲ ਸੁਨੀਲ ਲਾਂਭਾ ਦੀ ਥਾਂ ਭਾਰਤੀ ਜਲ ਸੈਨਾ ਦੇ ਨਵੇਂ ਮੁਖੀ ਵਜੋਂ ਚਾਰਜ ਸੰਭਾਲਿਆ। ਨਵੀਂ ਦਿੱਲੀ ਦੇ ਸਾਊਥ ਬਲਾਕ ਲਾਅਨਜ਼ ਵਿਖੇ ਐਡਮੀਰਲ ਕਰਮਬੀਰ ਸਿੰਘ ਦਾ ਸਹੁੰ ਚੁੱਕ ਸਮਾਗਮ ਹੋਇਆ।
3 ਨਵੰਬਰ, 1959 ਨੂੰ ਜੰਮੇ ਐਡਮੀਰਲ ਕਰਮਬੀਰ ਸਿੰਘ ਜਲੰਧਰ ਤੋਂ ਹਨ ਤੇ ਉਹ 1 ਜੁਲਾਈ, 1980 ਨੂੰ ਭਾਰਤੀ ਜਲ ਸੈਨਾ ਵਿੱਚ ਭਰਤੀ ਹੋਏ। ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤੀ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਐਡਮਿਰਲ ਕਰਮਬੀਰ ਸਿੰਘ ਪਹਿਲੇ ਹੈਲੀਕਾਪਟਰ ਪਾਇਲਟ ਹਨ ਜਿਨ੍ਹਾਂ ਨੂੰ ਭਾਰਤੀ ਜਲ ਸੈਨਾ ਮੁਖੀ ਬਣਨ ਦਾ ਮਾਣ ਹਾਸਲ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੀਤੀ 23 ਮਾਰਚ ਨੂੰ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਰੱਖਿਆ ਮੰਤਰਾਲੇ ਵੱਲੋਂ ਇਹ ਸਾਰੀ ਜਾਣਕਾਰੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਵਾਈਸ ਐਡਮਿਰਲ ਬਿਮਲ ਵਰਮਾ ਨੇ ਉਨ੍ਹਾਂ ਨੂੰ ਪਹਿਲ ਨਾ ਦੇ ਕੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤੇ ਜਾਣ ਖ਼ਿਲਾਫ਼ ਦਾ ਵਿਰੋਧ ਕੀਤਾ ਸੀ। ਸ਼ਸ਼ਤਰ ਬਲ ਟ੍ਰਿਬਿਊਨਲ 'ਚ ਦਾਖ਼ਲ ਆਪਣੀ ਪਟੀਸ਼ਨ ਨੂੰ ਵਾਈਸ ਐਡਮਿਰਲ ਵਿਮਲ ਵਰਮਾ ਨੇ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਵਾਪਸ ਲੈ ਲਿਆ ਸੀ।