ਬਠਿੰਡਾ: ਸੂਬੇ 'ਚ ਕਿਸਾਨ ਸੰਘਰਸ਼ ਦੇ ਰਾਹ 'ਤੇ ਹਨ। ਕਿਤੇ ਫਸਲਾਂ 'ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਸਮੇਤ ਹੋਰ ਕਿਸਾਨੀ ਮੰਗਾਂ ਤਾਂ ਕਿਤੇ ਕਿਸਾਨਾਂ ਦੀ ਜਮੀਨ ਵਿਚੋਂ ਹਾਈਵੇਅ ਨਿਕਲਣ ਕਾਰਨ ਮੁਆਵਜ਼ੇ ਦੀ ਗੱਲ ਹੋਵੇ। ਉਥੇ ਹੀ ਹੁਣ ਕਿਸਾਨਾਂ ਨੂੰ ਇੱਕ ਹੋਰ ਮੁਸ਼ਕਿਲ ਨਾਲ ਨਜਿੱਠਣਾ ਪੈ ਰਿਹਾ ਹੈ, ਜਿਸ ਦੇ ਚੱਲਦੇ ਬਠਿੰਡਾ ਸਮੇਤ ਕਈ ਜ਼ਿਲ੍ਹਿਆਂ 'ਚ ਕਿਸਾਨ ਲਗਾਤਾਰ ਸੰਘਰਸ਼ ਦੇ ਰਾਹ 'ਤੇ ਹਨ।
ਸੰਘਰਸ਼ ਕਰਦੇ ਕਿਸਾਨ ਪੁਲਿਸ ਨੇ ਚੁੱਕੇ
ਕਿਸਾਨਾਂ ਦੇ ਖੇਤਾਂ ਵਿੱਚੋਂ ਲੰਘਣ ਵਾਲੀ ਗੈਸ ਪਾਈਪ ਲਾਈਨ ਦਾ ਪੂਰਾ ਮੁਆਵਜ਼ਾ ਲੈਣ ਲਈ ਜ਼ਿਲ੍ਹਾ ਬਠਿੰਡਾ ਦੀ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਅਨੁਸਾਰ ਸਵੇਰੇ ਤੜਕਸਾਰ ਵੱਡੀ ਗਿਣਤੀ 'ਚ ਪੁਲਿਸ ਮੌਕੇ 'ਤੇ ਪਹੁੰਚੀ ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਕੇ ਆਪਣੇ ਨਾਲ ਲੈ ਗਈ।
ਪੁਲਿਸ ਛਾਉਣੀ 'ਚ ਬਦਲਿਆ ਸਾਰਾ ਪਿੰਡ
ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਪੂਰਾ ਮੁਆਵਜ਼ਾ ਨਾ ਦੇਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਗੈਸ ਪਾਈਪ ਲਾਈਨ ਦਾ ਕੰਮ ਕਿਸਾਨਾਂ ਵੱਲੋਂ ਬੰਦ ਕਰਵਾਇਆ ਗਿਆ ਸੀ, ਜਿਸ ਦੇ ਚੱਲਦੇ ਉਨ੍ਹਾਂ ਵਲੋਂ ਪਿੰਡ ਲੇਲੇਵਾਲਾ 'ਚ ਮੋਰਚਾ ਲਗਾਇਆ ਹੋਇਆ ਸੀ। ਉਥੇ ਹੀ ਤੜਕਸਾਰ ਪੰਜ ਵਜੇ ਦੇ ਕਰੀਬ ਪੁਲਿਸ ਨੇ ਸਾਰੇ ਪਿੰਡ ਨੂੰ ਛਾਉਣੀ 'ਚ ਬਦਲ ਦਿੱਤਾ ਤੇ ਸੰਘਰਸ਼ ਕਰਦੇ ਕਿਸਾਨਾਂ ਨੂੰ ਚੁੱਕ ਕੇ ਲੈ ਗਈ। ਜਦਕਿ ਕਿਸਾਨਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਨਿਗੁਣਾ ਮੁਆਵਜ਼ਾ ਦੇਕੇ ਪ੍ਰਸ਼ਾਸਨ ਵਲੋਂ ਧੱਕਾ ਕੀਤਾ ਜਾ ਰਿਹਾ ਹੈ।