ਚੰਡੀਗੜ੍ਹ: ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਪੂਰੀ ਦੁਨੀਆ 'ਚ ਮਾਂ ਦਿਵਸ ਮਨਾਇਆ ਜਾਂਦਾ ਹੈ। ਮਾਂ ਨੂੰ ਸਮਰਪਿਤ ਇਹ ਦਿਹਾੜਾ ਇਸ ਵਾਰ 14 ਮਈ ਨੂੰ ਮਨਾਇਆ ਜਾਵੇਗਾ। ਆਖ਼ਰਕਾਰ, ਇੱਕ ਮਾਂ ਉਹ ਵਿਅਕਤੀ ਹੈ ਜੋ ਜਨਮ ਦੇਣ ਤੋਂ ਲੈ ਕੇ ਹਰ ਖੁਸ਼ੀ ਅਤੇ ਗਮੀ ਵਿੱਚ ਹਮੇਸ਼ਾ ਆਪਣੇ ਬੱਚੇ ਦੇ ਨਾਲ ਖੜ੍ਹੀ ਹੁੰਦੀ ਹੈ। ਇਸ ਕਾਰਨ ਮਾਂ ਦੀ ਮਹੱਤਤਾ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਕਿਸੇ ਲਈ ਵੀ ਆਸਾਨ ਨਹੀਂ ਹੈ।
ਵੈਸੇ ਮਾਂ ਨੂੰ ਕੋਈ ਵੀ ਦਿਨ ਸਮਰਪਿਤ ਕਰਨਾ ਜ਼ਿਆਦਾ ਗੱਲ ਨਹੀਂ। ਇਸ ਦੇ ਬਾਵਜੂਦ, ਇਹ ਦਿਨ ਮਾਂ ਪ੍ਰਤੀ ਸਾਡੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਲਈ ਮਨਾਇਆ ਜਾਂਦਾ ਹੈ। ਇਸ ਲਈ, ਮਦਰਸ ਡੇ ਦੇ ਇਸ ਮੌਕੇ 'ਤੇ, ਆਓ ਤੁਹਾਨੂੰ ਦੱਸਦੇ ਹਾਂ ਕਿ ਮਾਂ ਦਿਵਸ ਮਨਾਉਣ ਦੇ ਪਿੱਛੇ ਕੀ ਕਾਰਨ ਹੈ ਅਤੇ ਇਹ ਕਦੋਂ ਤੋਂ ਮਨਾਇਆ ਜਾ ਰਿਹਾ ਹੈ।
ਮਾਂ ਦਿਵਸ ਦਾ ਇਤਿਹਾਸ: ਮਾਂ ਦਿਵਸ ਮਨਾਉਣ ਦੀ ਸ਼ੁਰੂਆਤ ਅਮਰੀਕੀ ਔਰਤ ਅੰਨਾ ਜਾਰਵਿਸ ਨੇ ਕੀਤੀ ਸੀ। ਅੰਨਾ ਜਾਰਵਿਸ ਨੇ ਮਾਂ ਦਿਵਸ ਦੀ ਨੀਂਹ ਰੱਖੀ ਸੀ ਪਰ ਮਾਂ ਦਿਵਸ ਮਨਾਉਣ ਦੀ ਰਸਮੀ ਸ਼ੁਰੂਆਤ 9 ਮਈ 1914 ਨੂੰ ਤਤਕਾਲੀ ਅਮਰੀਕੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਕੀਤੀ ਸੀ। ਉਸ ਸਮੇਂ ਅਮਰੀਕੀ ਸੰਸਦ ਵਿੱਚ ਇੱਕ ਕਾਨੂੰਨ ਪਾਸ ਕਰਕੇ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕਾ, ਯੂਰਪ ਅਤੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਮਾਂ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।
ਮਾਂ ਦਿਵਸ ਮਨਾਉਣ ਦਾ ਮਕਸਦ: ਅਮਰੀਕੀ ਔਰਤ ਐਨਾ ਜਾਰਵਿਸ ਨੂੰ ਆਪਣੀ ਮਾਂ ਲਈ ਬਹੁਤ ਪਿਆਰ ਅਤੇ ਸਨੇਹ ਸੀ। ਐਨਾ ਆਪਣੀ ਮਾਂ ਤੋਂ ਬਹੁਤ ਪ੍ਰੇਰਿਤ ਸੀ ਅਤੇ ਉਸਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਵਿਆਹ ਨਾ ਕਰਨ ਦਾ ਫੈਸਲਾ ਕੀਤਾ ਸੀ। ਅੰਨਾ ਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਮਾਂ ਨੂੰ ਸਮਰਪਿਤ ਕਰਨ ਦਾ ਸੰਕਲਪ ਲਿਆ ਅਤੇ ਆਪਣੀ ਮਾਂ ਦਾ ਸਨਮਾਨ ਕਰਨ ਦੇ ਉਦੇਸ਼ ਨਾਲ ਮਾਂ ਦਿਵਸ ਦੀ ਸ਼ੁਰੂਆਤ ਕੀਤੀ। ਇਸ ਦੇ ਲਈ ਅੰਨਾ ਨੇ ਅਜਿਹੀ ਤਰੀਕ ਚੁਣੀ ਕਿ ਇਹ 9 ਮਈ ਨੂੰ ਉਸਦੀ ਮਾਂ ਦੀ ਬਰਸੀ ਦੇ ਆਸਪਾਸ ਆਉਂਦੀ ਹੈ। ਯੂਰਪ ਵਿੱਚ, ਇਸ ਦਿਨ ਨੂੰ ਮਦਰਿੰਗ ਸੰਡੇ ਕਿਹਾ ਜਾਂਦਾ ਹੈ, ਜਦੋਂ ਕਿ ਇਸਾਈ ਭਾਈਚਾਰੇ ਨਾਲ ਸਬੰਧਤ ਬਹੁਤ ਸਾਰੇ ਲੋਕ ਇਸ ਦਿਨ ਨੂੰ ਵਰਜਿਨ ਮੈਰੀ ਦੇ ਨਾਮ ਨਾਲ ਵੀ ਬੁਲਾਉਂਦੇ ਹਨ।
ਮਾਂ ਦੇ ਨਾਂ ਕੁੱਝ ਲਿਖਤਾਂ
ਮਾਂ ਦੇ ਪਿਆਰ, ਉਸ ਦੀ ਜ਼ਿੰਦਾਦਿਲੀ, ਉਸ ਦਾ ਹਰ ਰੂਪ, ਉਸ ਦੀ ਸਾਡੇ ਪ੍ਰਤੀ ਫ਼ਿਕਰ ਨੂੰ ਫਿਲਮਾਂ, ਗੀਤਾਂ ਤੋਂ ਲੈ ਕਵਿਤਾ ਕਹਾਣੀਆਂ ਅਤੇ ਕਈ ਹੋਰ ਲਿਖਤਾਂ 'ਚ ਬਾਖ਼ੂਬੀ ਬਿਆਨ ਕਿਤਾ ਗਿਆ ਹੈ।
ਪ੍ਰੋਫੈਸਰ ਮੋਹਨ ਸਿੰਘ
ਮਾਂ ਵਰਗਾ ਘਣ ਛਾਵਾਂ ਬੂਟਾ
ਮੈਨੂੰ ਨਜ਼ਰ ਨਾ ਆਵੇ
ਲੈ ਕੇ ਜਿਸ ਤੋਂ ਛਾਂ ਅਧੂਰੀ
ਰੱਬ ਨੇ ਸੁਰਗ ਬਣਾਏ
ਫ਼ੀਰੋਜ਼ਦੀਨ ਸ਼ਰਫ਼
ਮਾਂ ਜ਼ਿੰਦਗੀ ਦੇ ਨਿਕੜੇ ਜਹੇ ਦਿਲ ਵਿੱਚ.
ਸੋਮਾਂ ਉਹ ਮੁਹੱਬਤਾਂ ਦਾ ਰੱਬ ਨੇ ਪਸਾਰਿਆ।
ਅੱਜ ਤੀਕਰ ਜੀਹਦਾ ਕਿਸੇ ਥਾਹ ਤਲਾ ਨਹੀਂ ਲੱਭਾ,
ਮਾਰ ਮਾਰ ਚੁੱਭੀਆਂ ਹੈ ਸਾਰਾ ਜੱਗ ਹਾਰਿਆ।
ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜ਼ੋਰ ਲਾ ਕੇ,
ਮਾਂ ਦੇ ਪਿਆਰ ਵਾਲਾ ਫ਼ੋਟੋ ਹੈ ਉਤਾਰਿਆ।...
ਕੁਲਦੀਪ ਮਾਨਕ ਦੀ ਅਵਾਜ਼ ਚ ਦੇਵ ਥਰੀਕਿਆਂ ਵਾਲੇ ਦਾ ਗੀਤ " ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ" ਸਦਾਬਹਾਰ ਹੈ। ਇਸੇ ਤਰ੍ਹਾਂ ਹਰਭਜਨ ਮਾਨ ਦਾ "ਚਿੱਠੀਏ ਨੀ ਚਿੱਠੀਏ" ਪੂਰੀ ਦੁਨੀਆ ਚ ਮਕਬੂਲ ਹੋਇਆ ਹੈ।