ਅਮਰਾਵਤੀ: ਅਮਰਾਵਤੀ ਪੁਲਿਸ ਨੇ ਉਮੇਸ਼ ਕੋਲਹੇ ਕਤਲ ਕੇਸ ਵਿੱਚ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੇ ਸੱਤਵੇਂ ਮੁਲਜ਼ਮ ਨੂੰ ਅੱਜ ਨਾਗਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਸ਼ੇਖ ਇਰਫਾਨ ਸ਼ੇਖ ਰਹੀਮ ਵਜੋਂ ਹੋਈ ਹੈ। ਅਮਰਾਵਤੀ ਪੁਲਿਸ ਨੇ ਸਾਫ ਕੀਤਾ ਹੈ ਕਿ ਨੂਪੁਰ ਸ਼ਰਮਾ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਨ ਤੋਂ ਬਾਅਦ ਉਮੇਸ਼ ਕੋਲਹੇ ਦੀ ਹੱਤਿਆ ਕਰ ਦਿੱਤੀ ਗਈ ਸੀ। ਕੱਲ੍ਹ ਤੱਕ ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ 'ਚ ਕੁਝ ਲੋਕਾਂ ਨੇ 54 ਸਾਲਾ ਕੈਮਿਸਟ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਮੁਤਾਬਕ ਕੈਮਿਸਟ ਉਮੇਸ਼ ਪ੍ਰਹਿਲਾਦਰਾਓ ਕੋਲਹੇ ਨੇ ਕਥਿਤ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਮੁਅੱਤਲ ਬੁਲਾਰੇ ਨੂਪੁਰ ਸ਼ਰਮਾ ਦੇ ਸਮਰਥਨ 'ਚ ਸੋਸ਼ਲ ਮੀਡੀਆ 'ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੋਸਟ ਨੂੰ ਲੈ ਕੇ ਕੁਝ ਲੋਕਾਂ ਨੇ ਉਮੇਸ਼ ਦਾ ਕਤਲ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਇਸ ਕਤਲ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ। ਇਸ ਨਾਲ ਹੀ, ਕਤਲ ਪਿੱਛੇ ਸਾਜ਼ਿਸ਼, ਜਥੇਬੰਦੀਆਂ ਦੀ ਸ਼ਮੂਲੀਅਤ ਅਤੇ ਕੌਮਾਂਤਰੀ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਹੋਵੇਗੀ। ਇਸ ਦੇ ਨਾਲ ਹੀ NIA ਦੀ ਟੀਮ ਜਾਂਚ ਲਈ ਅਮਰਾਵਤੀ ਪਹੁੰਚ ਗਈ ਹੈ।
ਜ਼ਿਕਰਯੋਗ ਹੈ ਕਿ ਨੂਪੁਰ ਸ਼ਰਮਾ ਨੇ ਪੈਗੰਬਰ ਮੁਹੰਮਦ ਖਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਦੇ ਖਿਲਾਫ ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ 'ਚ ਪ੍ਰਦਰਸ਼ਨ ਹੋਏ ਸਨ। ਅਮਰਾਵਤੀ ਪੁਲਿਸ ਕਮਿਸ਼ਨਰ ਡਾ ਆਰਤੀ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਮੁੱਖ ਦੋਸ਼ੀ ਇਰਫਾਨ ਖਾਨ (32) ਦੀ ਭਾਲ ਜਾਰੀ ਹੈ, ਜੋ ਇੱਕ ਐਨਜੀਓ ਚਲਾਉਂਦਾ ਹੈ।
ਇਹ ਵੀ ਪੜ੍ਹੋ: ਆਪਣੀ ਜਾਨ ਖ਼ਤਰੇ ਵਿੱਚ ਪਾ ਪੁਲਿਸ ਮੁਲਾਜ਼ਮ ਨੇ ਦਲਦਲ ਵਿੱਚ ਫਸੇ ਬਜ਼ੁਰਗ ਨੂੰ ਬਚਾਇਆ, ਦੇਖੋ ਵੀਡੀਓ