ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿੱਚ ਅੱਜ 2 ਹੋਰ ਕਿਸਾਨਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਦੋਨਾਂ ਕਿਸਾਨਾਂ ਵਿੱਚ ਇੱਕ ਪੰਜਾਬ ਦਾ ਤੇ ਦੂਜਾ ਹਰਿਆਣਾ ਦਾ ਰਹਿਣ ਵਾਲਾ ਹੈ।
52 ਸਾਲਾ ਮ੍ਰਿਤਕ ਕਿਸਾਨ ਸੁਖਬੀਰ ਸਿੰਘ ਜੋਕਿ ਪੰਜਾਬ ਵਿੱਚ ਬਠਿੰਡਾ ਦੇ ਪਿੰਡ ਗੋਬਿੰਦਪੁਰਾ ਨਗਰੀ ਦਾ ਰਹਿਣ ਵਾਲਾ ਹੈ। ਸੁਖਬੀਰ ਸਿੰਘ ਪਿਛਲੇ 17 ਦਿਨਾਂ ਤੋਂ ਕਿਸਾਨ ਅੰਦੋਲਨ ਦਾ ਹਿੱਸਾ ਸੀ। ਸੁਖਬੀਰ ਸਿੰਘ ਅੰਦੋਲਨ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ। ਜਿਸ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਾਣਕਾਰੀ ਮੁਤਾਬਕ ਕਿਸਾਨ ਸੁਖਬੀਰ ਸਿੰਘ ਦੀ ਮੌਤ ਇਲਾਜ ਦੌਰਾਨ ਦਿਮਾਗ ਦੀ ਨਾੜੀ ਫਟਣ ਕਾਰਨ ਹੋਈ ਹੈ। ਉੱਥੇ ਹੀ ਡਾਕਟਰਾਂ ਨੇ ਉਸ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਵੀ ਪੁਸ਼ਟੀ ਕੀਤੀ ਹੈ। ਅੱਜ ਕਿਸਾਨ ਦਾ ਅੰਤਮ ਸਸਕਾਰ ਕੀਤਾ ਜਾਵੇਗਾ। ਸੁਖਬੀਰ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਨੇ 5 ਲੱਖ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਹਰਿਆਣਾ ਦੇ ਰਹਿਣ ਵਾਲੇ ਕਿਸਾਨ ਦੀ ਹੋਈ ਮੌਤ
ਕਿਸਾਨ ਅੰਦੋਲਨ ਵਿੱਚ ਸ਼ਾਮਿਲ ਟਿਕਰੀ ਬਾਰਡਰ 'ਤੇ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦਾ ਨਾਂਅ ਓਮਰਪਾਲ ਦੱਸਿਆ ਜਾ ਰਿਹਾ ਹੈ। ਓਮਰਪਾਲ 5 ਏਕੜ ਜ਼ਮੀਨ ਦਾ ਮਾਲਕ ਸੀ ਤੇ ਉਹ 24 ਦਸਬੰਰ ਨੂੰ ਟਿੱਕਰੀ ਬਾਰਡਰ ਉੱਤੇ ਗਿਆ ਸੀ।