ਕਰਨਾਲ: ਮੁੱਖ ਮੰਤਰੀ ਸਿਟੀ ਕਰਨਾਲ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਕਿਸਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ, ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਕੇ ਸਿੰਘੂ ਸਰਹੱਦ ਤੋਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਾਪਸ ਆ ਰਹੇ ਸਨ। ਇਸ ਦੌਰਾਨ ਕਰਨਾਲ ਵਿੱਚ ਉਸਦੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਤੜਕੇ ਕਰੀਬ 3 ਵਜੇ ਕਰਨਾਲ ਦੇ ਤਰਾਵੜੀ ਵਿਖੇ ਫਲਾਈਓਵਰ ਉੱਤੇ ਵਾਪਰਿਆ। ਸਾਰੇ ਕਿਸਾਨ ਅੰਦੋਲਨ ਵਿੱਚ ਹਿੱਸਾ ਲੈ ਕੇ ਆਪਣੇ ਪਿੰਡ ਸਪੇੜਾ ਪਰਤ ਰਹੇ ਸਨ। ਇਸ ਦੌਰਾਨ ਇੱਕ ਟਰੱਕ ਨੇ ਉਨ੍ਹਾਂ ਦੀ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ।
ਹਾਦਸੇ ਸਮੇਂ ਤਕਰੀਬਨ 11 ਕਿਸਾਨ ਟਰੈਕਟਰ ਟਰਾਲੀ ਵਿੱਚ ਮੌਜੂਦ ਸਨ। ਦੋ ਕਿਸਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਕਰਨਾਲ ਦੇ ਟਰੌਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲੇ ਕਿਸਾਨਾਂ ਵਿੱਚ ਇੱਕ 24 ਸਾਲਾ ਗੁਰਪ੍ਰੀਤ ਵੀ ਸੀ, ਜੋ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਫਿਲਹਾਲ ਟਰੱਕ ਚਾਲਕ ਮੌਕੇ ਤੋਂ ਫਰਾਰ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।