ਨਵੀਂ ਦਿੱਲੀ: ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ਨੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਅਕਾਉਂਟ ਤੋਂ ਨੀਲੇ ਟਿੱਕ ਬੈਜ ਨੂੰ ਹਟਾਉਣ ਤੋਂ ਬਾਅਦ ਦੁਬਾਰਾ ਬਹਾਲ ਕਰ ਦਿੱਤਾ ਹੈ। ਦੱਸ ਦਈਏ ਕਿ ਨੀਲਾ ਟਿਕ ਬੈਜ ਸੰਕੇਤ ਇਹ ਦਰਸਾਉਂਦਾ ਹੈ ਕਿ ਵਿਅਕਤੀ ਦਾ ਟਵਿੱਟਰ ਅਕਾਉਂਟ ਪ੍ਰਮਾਣਿਤ ਹੈ। ਭਾਰਤ ਦੇ ਉਪ-ਰਾਸ਼ਟਰਪਤੀ (@VPSecretariat) ਦੇ ਅਧਿਕਾਰਤ ਹੈਂਡਲ 'ਤੇ ਨੀਲਾ ਟਿੱਕ ਬੈਜ ਜਾਰੀ ਹੈ।
ਟਵਿੱਟਰ ਸਪੋਕਸ ਨੇ ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਹੈਂਡਲ ਤੋਂ ਨੀਲੀ ਟਿਕ ਹਟਾਉਣ 'ਤੇ ਕਿਹਾ ਕਿ ਜੁਲਾਈ 2020 ਤੋਂ ਖਾਤਾ ਅਯੋਗ ਹੈ। ਸਾਡੀ ਤਸਦੀਕ ਨੀਤੀ ਮੁਤਾਬਕ, ਜੇ ਖਾਤਾ ਅਯੋਗ ਹੋ ਜਾਂਦਾ ਹੈ, ਤਾਂ ਟਵਿੱਟਰ ਨੀਲੇ ਵੈਰੀਫਾਈਡ ਬੈਜ ਅਤੇ ਪ੍ਰਮਾਣਿਤ ਸਥਿਤੀ ਨੂੰ ਹਟਾ ਸਕਦਾ ਹੈ। ਬੈਜ ਨੂੰ ਬਹਾਲ ਕਰ ਦਿੱਤਾ ਗਿਆ ਹੈ।
ਨਾਲ ਹੀ, ਟਵਿੱਟਰ ਨੇ ਆਰਐਸਐਸ ਦੇ ਕੁਝ ਨੇਤਾਵਾਂ ਦੇ ਟਵਿੱਟਰ ਹੈਂਡਲ ਤੋਂ ਨੀਲੀ ਟਿਕ ਨੂੰ ਹਟਾ ਦਿੱਤਾ ਹੈ। ਇਨ੍ਹਾਂ ਵਿੱਚ ਸੁਰੇਸ਼ ਸੋਨੀ, ਅਰੁਣ ਕੁਮਾਰ, ਕ੍ਰਿਸ਼ਨਾ ਗੋਪਾਲ ਅਤੇ ਸੁਰੇਸ਼ ਜੋਸ਼ੀ ਦੇ ਨਾਂਅ ਸ਼ਾਮਲ ਹਨ।
ਮਾਈਕ੍ਰੋ-ਬਲੌਗਿੰਗ ਸਾਈਟ ਦੇ ਅਨੁਸਾਰ, ਟਵਿੱਟਰ 'ਤੇ ਨੀਲਾ ਵੈਰੀਫਾਈਡ ਬੈਜ ਲੋਕਾਂ ਨੂੰ ਦੱਸਦਾ ਹੈ ਕਿ ਸਬੰਧਤ ਵਿਅਕਤੀ ਦਾ ਪ੍ਰਮਾਣਿਕ ਖਾਤਾ ਹੈ। ਨੀਲਾ ਬੈਜ ਪ੍ਰਾਪਤ ਕਰਨ ਲਈ, ਖਾਤਾ ਪ੍ਰਮਾਣਿਕ, ਜਾਣਿਆ-ਪਛਾਣਿਆ ਅਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ।
ਖਾਤਿਆਂ ਦੀ ਤਸਦੀਕ ਕਰਨ ਦਾ ਉਦੇਸ਼ ਇੱਕ ਖਾਤੇ ਦੀ ਪਛਾਣ ਦੀ ਪੁਸ਼ਟੀ ਕਰਕੇ ਪਲੇਟਫਾਰਮ 'ਤੇ ਉਪਭੋਗਤਾਵਾਂ ਵਿੱਚ ਭਰੋਸੇ ਨੂੰ ਵਧਾਉਣਾ ਹੈ।