ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਓਮੀਕਰੋਨ ਦੇ 6 ਹੋਰ ਨਵੇਂ ਮਾਮਲੇ ਸਾਹਮਣੇ ਆਉਣ ਅਤੇ ਗੁਜਰਾਤ ਵਿੱਚ ਹਾਲ ਹੀ ਵਿੱਚ ਬ੍ਰਿਟੇਨ ਤੋਂ ਪਰਤੀ ਇੱਕ ਐਨਆਰਆਈ 45 ਸਾਲਾ ਮਹਿਲਾ ਅਤੇ ਬੱਚੇ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇੰਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਐਤਵਾਰ ਨੂੰ ਭਾਰਤ ਵਿੱਚ ਓਮੀਕਰੋਨ ਦੇ ਮਾਮਲੇ ਵੱਧ ਕੇ 151 ਹੋ ਗਏ ਹਨ। ਕੇਂਦਰੀ ਅਤੇ ਰਾਜ ਅਧਿਕਾਰੀਆਂ ਦੇ ਅਨੁਸਾਰ, ਹੁਣ ਤੱਕ 11 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼- ਮਹਾਰਾਸ਼ਟਰ (54), ਦਿੱਲੀ (22), ਰਾਜਸਥਾਨ (17), ਕਰਨਾਟਕ (14), ਤੇਲੰਗਾਨਾ (20), ਕੇਰਲ (11), ਗੁਜਰਾਤ (9) ,ਆਂਧਰਾ ਪ੍ਰਦੇਸ਼ (01), ਚੰਡੀਗੜ੍ਹ (01), ਤਾਮਿਲਨਾਡੂ (01) ਅਤੇ ਪੱਛਮੀ ਬੰਗਾਲ (01) ਵਿੱਚ ਓਮੀਕਰੋਨ ਦੇ ਮਾਮਲਿਆਂ ਦਾ ਪਤਾ ਲੱਗਿਆ ਹੈ।
ਮਹਾਰਾਸ਼ਟਰ ਵਿੱਚ, ਸਿਹਤ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ, 6 ਲੋਕ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਓਮੀਕਰੋਨ (Corona new variant Omicron) ਨਾਲ ਸੰਕਰਮਿਤ ਪਾਏ ਗਏ ਅਤੇ ਇਸ ਦੇ ਨਾਲ ਰਾਜ ਵਿੱਚ ਇਸ ਰੂਪ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 54 ਹੋ ਗਈ। ਇੰਨ੍ਹਾਂ ਵਿੱਚੋਂ ਦੋ ਮਰੀਜ਼ ਤਨਜ਼ਾਨੀਆ ਗਏ ਸਨ। ਇਸ ਦੇ ਨਾਲ ਹੀ ਦੋ ਇੰਗਲੈਂਡ ਤੋਂ ਵਾਪਸ ਆਏ ਹਨ, ਜਦਕਿ ਇਕ ਪੱਛਮੀ ਏਸ਼ੀਆ ਦੀ ਯਾਤਰਾ ਕਰ ਚੁੱਕਾ ਹੈ। ਇੰਨ੍ਹਾਂ ਸਾਰਿਆਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਿਆ ਹੈ।
ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇੱਕ ਹੋਰ ਮਰੀਜ਼ ਪੂਣੇ ਦੇ ਜੁੰਨਰ ਦਾ ਇੱਕ ਪੰਜ ਸਾਲ ਦਾ ਬੱਚਾ ਹੈ, ਜੋ ਕਿ ਦੁਬਈ ਦੇ ਯਾਤਰੀਆਂ ਦੇ ਸੰਪਰਕ ਵਿੱਚ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਓਮੀਕਰੋਨ ਦੇ ਛੇ ਨਵੇਂ ਮਾਮਲੇ ਸਾਹਮਣੇ ਆਏ ਜਿੰਨ੍ਹਾਂ ਵਿੱਚੋਂ ਮੁੰਬਈ ਹਵਾਈ ਅੱਡੇ 'ਤੇ ਜਾਂਚ ਦੌਰਾਨ ਚਾਰ ਲੋਕਾਂ ਵਿੱਚ ਲਾਗ ਦੀ ਪੁਸ਼ਟੀ ਹੋਈ। ਇੰਨ੍ਹਾਂ ਚਾਰ ਮਰੀਜ਼ਾਂ ਵਿੱਚੋਂ ਇੱਕ ਵਿਅਕਤੀ ਮੁੰਬਈ ਦਾ ਹੈ। ਦੋ ਕਰਨਾਟਕ ਅਤੇ ਇੱਕ ਔਰੰਗਾਬਾਦ ਤੋਂ ਹੈ। ਰਾਜ ਵਿੱਚ ਕੁੱਲ 54 ਮਾਮਲਿਆਂ ਵਿੱਚੋਂ ਮੁੰਬਈ ਵਿੱਚ 22 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਗੁਜਰਾਤ ਵਿੱਚ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਰਾਜ ਵਿੱਚ ਇੱਕ ਗੈਰ-ਨਿਵਾਸੀ ਭਾਰਤੀ ਦਾ 15 ਦਸੰਬਰ ਨੂੰ ਯੂਕੇ ਤੋਂ ਆਉਣ ਤੋਂ ਬਾਅਦ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਰਟੀ-ਪੀਸੀਆਰ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ।ਜਿਸ ਵਿੱਚ ਉਸਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।
ਆਨੰਦ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ.ਐਮ.ਟੀ.ਛਰੀ ਨੇ ਦੱਸਿਆ ਕਿ ਬਾਅਦ ਵਿੱਚ ਵਿਅਕਤੀ ਦੇ ਨਮੂਨੇ ਦੀ ਜਾਂਚ ਕੀਤੀ ਗਈ ਕਿ ਉਹ ਓਮੀਕਰੋਨ ਨਾਲ ਸੰਕਰਮਿਤ ਸੀ। ਵਿਅਕਤੀ ਨੇ ਅਹਿਮਦਾਬਾਦ ਤੋਂ ਆਨੰਦ ਜਾਣਾ ਸੀ। ਡਾਕਟਰ ਛੇੜੀ ਨੇ ਦੱਸਿਆ ਕਿ ਹਾਲਾਂਕਿ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਉਸ ਨੂੰ ਹਵਾਈ ਅੱਡੇ ਤੋਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਮਰੀਜ਼ ਇਸ ਸਮੇਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਅਧਿਕਾਰੀ ਨੇ ਕਿਹਾ ਕਿ ਇਸ ਵਿਅਕਤੀ ਦੇ ਸਹਿ-ਯਾਤਰੀ ਅਤੇ ਉਸ ਦੇ ਸੰਪਰਕ ਵਿੱਚ ਆਏ ਹੋਰ ਵਿਅਕਤੀ ਦੀ ਕੋਰੋਨਾ ਵਾਇਰਸ ਟੈਸਟ ਰਿਪੋਰਟ ‘ਨੈਗੇਟਿਵ’ਆਈ ਹੈ। ਗਾਂਧੀਨਗਰ ਮਿਊਂਸੀਪਲ ਕਮਿਸ਼ਨਰ ਧਵਲ ਪਟੇਲ ਨੇ ਦੱਸਿਆ ਕਿ ਬ੍ਰਿਟੇਨ ਤੋਂ ਪਰਤਣ ਤੋਂ ਬਾਅਦ ਗਾਂਧੀਨਗਰ ਦਾ ਇਕ 15 ਸਾਲਾ ਨੌਜਵਾਨ ਓਮੀਕਰੋਨ ਨਾਲ ਸੰਕਰਮਿਤ ਪਾਇਆ ਗਿਆ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ ਮਹਾਰਾਸ਼ਟਰ ਵਿੱਚ ਓਮੀਕਰੋਨ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਵਿੱਚ ਸ਼ਨੀਵਾਰ ਨੂੰ ਸਾਹਮਣੇ ਆਏ ਛੇ ਮਾਮਲਿਆਂ ਵਿੱਚੋਂ ਇੱਕ ਯੂਕੇ ਦਾ ਯਾਤਰੀ ਹੈ, ਜਦੋਂ ਕਿ ਪੰਜ ਹੋਰ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਦੋ ਵਿਦਿਅਕ ਸੰਸਥਾਵਾਂ ਵਿੱਚ ਕੋਵਿਡ -19 ਨਾਲ ਸੰਕਰਮਿਤ ਪਾਏ ਗਏ ਹਨ। ਕੇਰਲ ਵਿੱਚ, ਤਿਰੂਵਨੰਤਪੁਰਮ ਤੋਂ 17 ਅਤੇ 44 ਸਾਲ ਦੀ ਉਮਰ ਦੇ ਵਿਅਕਤੀਆਂ ਵਿੱਚ ਓਮੀਕਰੋਨ ਦੇ ਦੋ ਮਾਮਲੇ ਸਾਹਮਣੇ ਆਏ ਹਨ। ਇੱਕ ਮਾਮਲਾ ਮਲਪੁਰਮ ਵਿੱਚ ਇੱਕ 37 ਸਾਲਾ ਵਿਅਕਤੀ ਦਾ ਹੈ, ਜਦੋਂ ਕਿ ਦੂਜਾ ਤ੍ਰਿਸ਼ੂਰ ਜ਼ਿਲ੍ਹੇ ਦੇ ਇੱਕ 49 ਸਾਲਾ ਵਿਅਕਤੀ ਦਾ ਹੈ।
ਇਹ ਵੀ ਪੜ੍ਹੋ:89 ਦੇਸ਼ਾਂ 'ਚ ਓਮਿਕਰੋਨ ਦੀ ਕੀਤੀ ਪਛਾਣ, ਡੇਢ ਤੋਂ 3 ਦਿਨਾਂ 'ਚ ਕੇਸ ਦੁੱਗਣੇ: WHO
ਦੱਖਣੀ ਅਫਰੀਕਾ ਵਿੱਚ 24 ਨਵੰਬਰ ਨੂੰ ਕੋਰੋਨਾ ਵਾਇਰਸ ਦੇ ਓਮੀਕਰੋਨ ਵੈਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਭਾਰਤ ਵਿੱਚ ਪਹਿਲੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਕਰਨਾਟਕ ਵਿੱਚ 2 ਦਸੰਬਰ ਨੂੰ ਹੋਈ ਸੀ।
(ਪੀਟੀਆਈ-ਭਾਸ਼ਾ)