ਕੋਲਕਾਤਾ: ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਜਨਰਲ ਸਕੱਤਰ ਸਤਯੇਨ ਚੌਧਰੀ ਦੀ ਐਤਵਾਰ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਤਯਨ ਚੌਧਰੀ ਕਿਸੇ ਸਮੇਂ ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਦੇ ਕਰੀਬੀ ਅਤੇ ਵਿਸ਼ਵਾਸਪਾਤਰ ਸਨ। ਬਾਅਦ ਵਿੱਚ ਉਹ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਸੀ।
ਐਤਵਾਰ ਨੂੰ ਮੁਰਸ਼ਿਦਾਬਾਦ ਦੇ ਭਰਤਪੁਰ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਸਾਹਮਣੇ ਆਪਣੇ ਨਜ਼ਦੀਕੀ ਸਾਥੀਆਂ ਨਾਲ ਬੈਠੇ ਹੋਏ ਉਸਨੂੰ ਗੋਲੀ ਮਾਰ ਦਿੱਤੀ ਗਈ ਸੀ। ਚਸ਼ਮਦੀਦਾਂ ਮੁਤਾਬਿਕ ਦੋ ਬਾਈਕ 'ਤੇ ਅਚਾਨਕ ਤਿੰਨ ਬਦਮਾਸ਼ ਉੱਥੇ ਪਹੁੰਚ ਗਏ। ਬਦਮਾਸ਼ਾਂ ਨੇ ਚੌਧਰੀ ਨੂੰ ਨੇੜੇ ਤੋਂ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਖੂਨ ਨਾਲ ਲੱਥਪੱਥ ਚੌਧਰੀ ਨੂੰ ਤੁਰੰਤ ਇਲਾਜ ਲਈ ਮੁਰਸ਼ਿਦਾਬਾਦ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕਤਲ ਪਿੱਛੇ ਸੱਤਾਧਾਰੀ ਪਾਰਟੀ ਦਾ ਅੰਦਰੂਨੀ ਕਲੇਸ਼ ਸੰਭਾਵਿਤ ਕਾਰਨ ਹੈ।
ਉਨ੍ਹਾਂ ਕਿਹਾ, 'ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਲਾਕੇ ਵਿੱਚ ਤਣਾਅ ਪੈਦਾ ਕਰਨ ਲਈ ਇਹ ਕਤਲ ਜਾਣਬੁੱਝ ਕੇ ਕੀਤਾ ਗਿਆ ਸੀ।' ਹਾਲਾਂਕਿ ਸੀਪੀਆਈ-ਐਮ ਦੇ ਮੁਰਸ਼ਿਦਾਬਾਦ ਜ਼ਿਲ੍ਹਾ ਸਕੱਤਰ ਜ਼ਮੀਰ ਮੁੱਲਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਤਲ ਰੀਅਲ ਅਸਟੇਟ ਪ੍ਰਮੋਸ਼ਨ ਕਾਰੋਬਾਰ ਵਿੱਚ ਹਿੱਸੇਦਾਰੀ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਦਾ ਨਤੀਜਾ ਹੈ। ਮੁਰਸ਼ਿਦਾਬਾਦ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਸੂਰਿਆ ਪ੍ਰਤਾਪ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਫੁਟੇਜ ਤੋਂ ਕਾਤਲਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।