ਲਖਨਊ : ਸ਼ਨੀਵਾਰ ਦੇਰ ਰਾਤ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦਾ ਕਤਲ ਕਰਨ ਵਾਲੇ ਤਿੰਨੋਂ ਸ਼ੂਟਰ ਪੇਸ਼ੇਵਰ ਅਪਰਾਧੀ ਹਨ। ਤਿੰਨੋਂ ਮੁਲਜ਼ਮ ਲੁੱਟ-ਖੋਹ ਅਤੇ ਕਤਲ ਵਰਗੇ ਕਈ ਮਾਮਲਿਆਂ ਵਿੱਚ ਜੇਲ੍ਹ ਵੀ ਜਾ ਚੁੱਕੇ ਹਨ। ਪੁਲਿਸ ਨੇ ਇਨ੍ਹਾਂ ਦੀ ਪਛਾਣ ਸੰਨੀ, ਅਰੁਣ ਅਤੇ ਲਵਲੇਸ਼ ਵਜੋਂ ਕੀਤੀ ਹੈ। ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਅਤੀਕ ਤੇ ਅਸ਼ਰਫ ਦਾ ਕਤਲ ਕਰਨ ਵਾਲਾ ਲਵਲੇਸ਼ ਤਿਵਾੜੀ ਬਾਂਦਾ ਦਾ ਰਹਿਣ ਵਾਲਾ ਹੈ ਜਦਕਿ ਅਰੁਣ ਮੌਰਿਆ ਹਮੀਰਪੁਰ ਦਾ ਰਹਿਣ ਵਾਲਾ ਹੈ। ਤੀਜਾ ਸ਼ੂਟਰ ਸੰਨੀ ਕਾਸਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਤਿੰਨੋਂ ਸ਼ੂਟਰ ਅਤੀਕ ਦੀ ਹੱਤਿਆ ਕਰ ਕੇ ਡਾਨ ਬਣਨਾ ਚਾਹੁੰਦੇ ਸਨ। ਤਿੰਨਾਂ ਨੇ ਆਪਣੇ ਪਰਿਵਾਰ ਨਾਲ ਸਬੰਧ ਖਤਮ ਕਰ ਲਏ ਸਨ।
"ਸਾਡਾ ਲਵਲੇਸ਼ ਦੇ ਨਾਲ ਕੋਈ ਸਬੰਧ ਨਹੀਂ ਰਿਹਾ" : ਅਤੀਕ ਅਤੇ ਅਸ਼ਰਫ ਦਾ ਕਤਲ ਕਰਨ ਵਾਲਾ ਸ਼ੂਟਰ ਲਵਲੇਸ਼ ਬਾਂਦਾ ਸ਼ਹਿਰ ਦੇ ਕੋਤਵਾਲੀ ਕਯੋਤਰਾ ਦਾ ਰਹਿਣ ਵਾਲਾ ਹੈ। ਰਿਸ਼ਤੇਦਾਰਾਂ ਅਨੁਸਾਰ ਲਵਲੇਸ਼ ਦਾ ਘਰ ਨਾਲ ਕੋਈ ਸਬੰਧ ਨਹੀਂ ਰਿਹਾ। ਲਵਲੇਸ਼ ਦੇ ਪਿਤਾ ਨੇ ਦੱਸਿਆ ਕਿ ਲਵਲੇਸ਼ 4 ਭਰਾਵਾਂ 'ਚੋਂ ਤੀਜੇ ਨੰਬਰ 'ਤੇ ਹੈ। ਉਹ ਨਸ਼ੇ ਦਾ ਆਦੀ ਸੀ ਅਤੇ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਵਲੇਸ਼ ਇਕ ਹਫਤਾ ਪਹਿਲਾਂ ਘਰ ਆਇਆ ਸੀ, ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਇਆ।
ਹਮੀਰਪੁਰ ਦਾ ਰਹਿਣ ਵਾਲਾ ਸੰਨੀ ਸਿੰਘ : ਅਤੀਕ ਅਹਿਮਦ ਅਤੇ ਅਸ਼ਰਫ ਨੂੰ ਗੋਲੀ ਮਾਰਨ ਵਾਲੇ ਦੂਜੇ ਸ਼ੂਟਰ ਦਾ ਨਾਂ ਸੰਨੀ ਸਿੰਘ ਹੈ ਅਤੇ ਉਹ ਹਮੀਰਪੁਰ ਦਾ ਰਹਿਣ ਵਾਲਾ ਹੈ। ਸ਼ੂਟਰ ਸੰਨੀ ਦੇ ਭਰਾ ਪਿੰਟੂ ਸਿੰਘ ਨੇ ਦੱਸਿਆ ਕਿ ਸੰਨੀ ਕੋਈ ਕੰਮ ਕਾਰ ਨਹੀਂ ਕਰਦਾ ਸੀ ਅਤੇ ਉਸ ਵਿਰੁੱਧ ਪਹਿਲਾਂ ਵੀ ਕੇਸ ਦਰਜ ਹਨ। ਸੰਨੀ ਦੇ 3 ਭਰਾ ਸਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ। ਸੰਨੀ ਦੇ ਭਰਾ ਉਸ ਤੋਂ ਵੱਖ ਰਹਿੰਦੇ ਹਨ। ਉਹ ਬਚਪਨ ਵਿੱਚ ਘਰੋਂ ਭੱਜ ਗਿਆ ਸੀ।
ਅਰੁਣ ਮੌਰਿਆ ਨੇ ਪੁਲਿਸ ਮੁਲਾਜ਼ਮ ਦਾ ਕੀਤਾ ਕਤਲ : ਤੀਜਾ ਦੋਸ਼ੀ ਅਰੁਣ ਮੌਰਿਆ ਹੈ, ਜੋ ਕਾਸਗੰਜ ਦੇ ਸੋਰੋਂ ਥਾਣਾ ਖੇਤਰ ਦੇ ਅਧੀਨ ਪਿੰਡ ਬਘੇਲਾ ਪੁਖਤਾ ਦਾ ਰਹਿਣ ਵਾਲਾ ਹੈ। ਅਰੁਣ ਦੇ ਪਿਤਾ ਦਾ ਨਾਂ ਹੀਰਾਲਾਲ ਹੈ। ਜਾਣਕਾਰੀ ਅਨੁਸਾਰ ਅਰੁਣ ਉਰਫ ਕਾਲੀਆ ਪਿਛਲੇ 6 ਸਾਲਾਂ ਤੋਂ ਬਾਹਰ ਰਹਿ ਰਿਹਾ ਸੀ। ਉਹ ਜੀਆਰਪੀ ਸਟੇਸ਼ਨ ਦੇ ਇੱਕ ਪੁਲਿਸ ਮੁਲਾਜ਼ਮ ਦਾ ਕਤਲ ਕਰ ਕੇ ਫਰਾਰ ਹੋ ਗਿਆ ਸੀ। ਅਰੁਣ ਦੇ ਮਾਤਾ-ਪਿਤਾ ਦੀ 15 ਸਾਲ ਪਹਿਲਾਂ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : Atiq Ahmed In Politics: 2019 ਦੀਆਂ ਚੋਣਾਂ ਵਿੱਚ ਬਨਾਰਸ ਤੋਂ ਮੋਦੀ ਖ਼ਿਲਾਫ਼ ਨਿੱਤਰਿਆ ਸੀ ਅਤੀਕ ਅਹਿਮਦ, ਮਿਲੇ ਸੀ 855 ਵੋਟ
ਜੇਲ੍ਹ ਵਿੱਚ ਪਈ ਤਿੰਨਾਂ ਸ਼ੂਟਰਾਂ ਦੀ ਦੋਸਤੀ : ਸੂਤਰਾਂ ਅਨੁਸਾਰ ਪੁਲਿਸ ਨੂੰ ਪੁੱਛਗਿੱਛ ਦੌਰਾਨ ਤਿੰਨਾਂ ਹਮਲਾਵਰਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਹੀ ਇਨ੍ਹਾਂ ਤਿੰਨਾ ਦੋਸਤੀ ਪੈ ਗਈ ਸੀ। ਤਿੰਨੋਂ ਅਤੀਕ ਅਤੇ ਅਸ਼ਰਫ ਦਾ ਕਤਲ ਕਰ ਕੇ ਡਾਨ ਬਣਨਾ ਚਾਹੁੰਦੇ ਸਨ। ਅਤੀਕ 'ਤੇ ਹਮਲਾ ਕਰਨ ਵਾਲੇ ਸ਼ੂਟਰਾਂ ਦਾ ਮੰਨਣਾ ਹੈ ਕਿ ਛੋਟੇ ਅਪਰਾਧ ਲਈ ਜੇਲ੍ਹ ਜਾਣ ਨਾਲ ਉਨ੍ਹਾਂ ਦਾ ਨਾਂ ਨਹੀਂ ਬਣ ਰਿਹਾ, ਇਸ ਲਈ ਉਹ ਕੁਝ ਵੱਡਾ ਕਰਨ ਦੀ ਸੋਚ ਰਹੇ ਸਨ। ਇਸ ਦੌਰਾਨ ਉਸ ਨੂੰ ਪਤਾ ਲੱਗਾ ਕਿ ਅਤੀਕ ਅਤੇ ਅਸ਼ਰਫ ਨੂੰ ਪੁਲਿਸ ਹਿਰਾਸਤ 'ਚ ਹਸਪਤਾਲ ਲਿਜਾ ਰਹੀ ਹੈ। ਤਿੰਨਾਂ ਨੇ ਵੱਡਾ ਨਾਮ ਕਮਾਉਣ ਦੇ ਮਕਸਦ ਨਾਲ ਕਤਲ ਦੀ ਸਾਜ਼ਿਸ਼ ਰਚੀ ਸੀ ਅਤੇ ਸ਼ੁੱਕਰਵਾਰ ਨੂੰ ਹਮਲੇ ਤੋਂ ਪਹਿਲਾਂ ਹਸਪਤਾਲ ਪਹੁੰਚ ਕੇ ਰੇਕੀ ਕੀਤੀ ਸੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਤਿੰਨਾਂ ਨੇ ਮੀਡੀਆ ਕਰਮੀ ਬਣ ਕੇ ਅਤੀਕ ਅਤੇ ਅਸ਼ਰਫ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।