ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੜਾਕੇ ਦੀ ਠੰਢ ਵਿੱਚ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਬੈਠੇ ਹੋਏ ਹਨ। ਉੱਥੇ ਹੀ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਕਾਇਮ ਹੈ। ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਣ ਵਾਲੀ ਮੋਦੀ ਸਰਕਾਰ ਹੁਣ ਤੱਕ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਖ਼ਤਮ ਕਰਵਾਉਣ ਲਈ ਕੋਈ ਹਲ ਨਹੀਂ ਕੱਢ ਸਕੀ ਹੈ।
ਹੁਣ ਤੱਕ 24 ਤੋਂ ਵੱਧ ਕਿਸਾਨਾਂ ਦੀ ਹੋ ਚੁੱਕੀ ਹੈ ਮੌਤ
ਦਿੱਲੀ ਦੇ ਸਿੰਘੂ ਬਾਰਡਰ 'ਤੇ ਲੱਖਾਂ ਦੀ ਤਦਾਦ ਵਿੱਚ ਕਿਸਾਨ ਪਹੁੰਚੇ ਹੋਏ ਹਨ। ਕਿਸਾਨੀ ਅੰਦੋਲਨ ਵਿੱਚ ਹੁਣ ਤੱਕ 23 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਦਿਨੀਂ ਬਾਬਾ ਰਾਮ ਸਿੰਘ ਨੇ ਕਿਸਾਨਾਂ ਦੇ ਸਮਰਥਨ 'ਚ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਜਿਨ੍ਹਾਂ ਦਾ ਅੰਤਿਮ ਸਸਕਾਰ ਸ਼ੁਕਰਵਾਰ ਨੂੰ ਕਰ ਦਿੱਤਾ ਗਿਆ।
ਕਾਨੂੰਨ ਰੱਦ ਹੋਣ ਤੋਂ ਬਾਅਦ ਹੋਵੇਗੀ ਘਰ ਵਾਪਸੀ
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲਿਆਏ ਗਏ ਇਹ ਕਾਨੂੰਨ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੀਆਂ ਜੇਬਾਂ ਭਰਣ ਵਿੱਚ ਲੱਗੀ ਹੋਈ ਹੈ। ਧਰਨੇ 'ਤੇ ਬੈਠੇ ਕਿਸਾਨਾਂ ਦਾ ਸਾਫ ਕਹਿਣਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਧਰਨੇ 'ਤੇ ਬੈਠੇ ਰਹਿਣਗੇ।
ਅੰਦੋਲਨ 'ਚ ਪਹੁੰਚੀ ਸਵ੍ਰਾ ਭਾਸਕਰ
ਅਦਾਕਾਰਾ ਸਵ੍ਰਾ ਭਾਸਕਰ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣ ਦਿੱਲੀ ਦੇ ਸਿੰਘੂ ਬਾਰਡਰ ਪਹੁੰਚੀ। ਇਸ ਦੌਰਾਨ ਉਨ੍ਹਾਂ ਕਿਹਾ ਮੈਂ ਭਾਰਤ ਦੀ ਚਿੰਤਤ ਨਾਗਰਿਕ ਹਾਂ। ਮੈਂ ਕਿਸਾਨ ਨਹੀਂ, ਪਰ ਮੈਂ ਇੱਥੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਨਾਲ ਇਕਜੁੱਟਤਾ ਦਿਖਾਉਣ ਆਈ ਹਾਂ। ਮੈਂ ਇੱਥੇ ਕਿਸਾਨਾਂ ਤੋਂ ਕੁਝ ਸਿੱਖਣ ਆਈ ਹਾਂ। ਮੈਂ ਕਿਸਾਨ ਨਹੀਂ ਪਰ ਮੇਰਾ ਰੋਟੀ ਨਾਲ ਰਿਸ਼ਤਾ ਹੈ। ਇਸ ਲਈ ਮੇਰਾ ਕਿਸਾਨਾਂ ਨਾਲ ਵੀ ਰਿਸ਼ਤਾ ਹੈ।