ਹੈਦਰਾਬਾਦ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਅੱਜ ਹੈਦਰਾਬਾਦ ਪਹੁੰਚਣਗੇ ਅਤੇ ਭਲਕੇ ਯਾਨੀ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਚੋਣ ਮੈਨੀਫੈਸਟੋ ਜਾਰੀ ਕਰਨਗੇ। ਪਾਰਟੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸ਼ਾਹ ਗਡਵਾਲ, ਨਲਗੋਂਡਾ ਅਤੇ ਵਾਰੰਗਲ 'ਚ ਚੋਣ ਰੈਲੀਆਂ ਨੂੰ ਵੀ ਸੰਬੋਧਨ ਕਰਨਗੇ। ਉਨ੍ਹਾਂ ਦੱਸਿਆ, "ਅਮਿਤ ਸ਼ਾਹ ਸਵੇਰੇ 10 ਵਜੇ ਚੋਣ ਮਨੋਰਥ ਪੱਤਰ ਜਾਰੀ ਕਰਨਗੇ, ਜਿਸ ਤੋਂ ਬਾਅਦ ਉਹ ਰੈਲੀਆਂ ਨੂੰ ਸੰਬੋਧਨ ਕਰਨਗੇ।" ਇਸ ਦੇ ਨਾਲ ਹੀ 19 ਨਵੰਬਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਪਾਰਟੀ ਦੇ ਪ੍ਰਚਾਰ ਲਈ ਸੂਬੇ 'ਚ ਪਹੁੰਚਣਗੇ।
ਭਾਜਪਾ ਦਾ ਚੋਣ ਮੈਨੀਫੈਸਟੋ: ਜਾਣਕਾਰੀ ਮੁਤਾਬਕ ਭਾਜਪਾ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਰਾਤ ਨੂੰ ਹੈਦਰਾਬਾਦ ਪਹੁੰਚਣਗੇ। ਉਹ ਸ਼ਨੀਵਾਰ ਸਵੇਰੇ 10.30 ਵਜੇ ਹੈਦਰਾਬਾਦ ਦੇ ਭਾਜਪਾ ਮੀਡੀਆ ਸੈਂਟਰ 'ਚ ਚੋਣ ਮਨੋਰਥ ਪੱਤਰ ਜਾਰੀ ਕਰਨਗੇ। ਇਸ ਤੋਂ ਬਾਅਦ ਉਹ 12:45 'ਤੇ ਗਡਵਾਲ 'ਚ ਰੈਲੀ 'ਚ ਹਿੱਸਾ ਲੈਣਗੇ ਫਿਰ ਦੁਪਹਿਰ 2:45 ਵਜੇ ਉਹ ਨਲਗੋਂਡਾ ਵਿੱਚ ਇੱਕ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਸ਼ਾਮ 4:10 ਵਜੇ ਉਹ ਵਾਰੰਗਲ ਵਿੱਚ ਸਕਲ ਜਨੂਲਾ ਵਿਜੇ ਸੰਕਲਪ ਸਭਾ ਵਿੱਚ ਸ਼ਾਮਲ ਹੋਣਗੇ। ਵਾਰੰਗਲ ਦੌਰਾ ਪੂਰਾ ਕਰਨ ਤੋਂ ਬਾਅਦ ਸ਼ਾਹ ਹੈਦਰਾਬਾਦ ਪਰਤਣਗੇ ਅਤੇ ਇੱਥੇ ਪਾਰਟੀ ਦੇ ਸੂਬਾਈ ਨੇਤਾਵਾਂ ਨਾਲ ਵਿਸ਼ੇਸ਼ ਬੈਠਕ ਕਰਨਗੇ। ਅਮਿਤ ਸ਼ਾਹ ਐਸਸੀ ਵਰਗੀਕਰਨ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਸ਼ਾਮ 7 ਵਜੇ ਸਿਕੰਦਰਾਬਾਦ ਕਲਾਸਿਕ ਗਾਰਡਨ ਵਿੱਚ ਐਮਆਰਪੀਐਸ ਨੇਤਾਵਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕਰਨਗੇ। ਰਾਤ 8.15 ਵਜੇ ਬੇਗਮਪੇਟ ਹਵਾਈ ਅੱਡੇ ਤੋਂ ਦਿੱਲੀ ਪਰਤਣਗੇ। 20 ਨਵੰਬਰ ਨੂੰ ਸ਼ਾਹ ਇਕ ਵਾਰ ਫਿਰ ਸੂਬੇ ਦਾ ਦੌਰਾ ਕਰਨਗੇ ਅਤੇ ਤਿੰਨ ਹੋਰ ਜਨਤਕ ਮੀਟਿੰਗਾਂ 'ਚ ਹਿੱਸਾ ਲੈਣਗੇ।ਇਸ ਦੌਰਾਨ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ 19 ਨਵੰਬਰ ਨੂੰ ਚੇਵੇਲਾ ਅਤੇ ਨਰਾਇਣਪੇਟ 'ਚ ਚੋਣ ਜਨ ਸਭਾਵਾਂ 'ਚ ਹਿੱਸਾ ਲੈਣਗੇ।
ਮਲਕਾਜੀਗਿਰੀ 'ਚ ਰੋਡ ਸ਼ੋਅ: ਪਾਰਟੀ ਸੂਤਰਾਂ ਨੇ ਦੱਸਿਆ ਕਿ ਉਹ ਉਸੇ ਸ਼ਾਮ ਮਲਕਾਜੀਗਿਰੀ 'ਚ ਰੋਡ ਸ਼ੋਅ 'ਚ ਹਿੱਸਾ ਲੈਣਗੇ। ਸੂਬੇ ਵਿੱਚ 30 ਨਵੰਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਈ ਕੇਂਦਰੀ ਆਗੂ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਸਕਦੇ ਹਨ। ਭਾਜਪਾ ਦੀ ਤੇਲੰਗਾਨਾ ਇਕਾਈ ਦੇ ਮੁਖੀ ਅਤੇ ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਪਹਿਲਾਂ ਕਿਹਾ ਸੀ ਕਿ ਸੂਬਾ ਇਕਾਈ ਨੇ ਕੌਮੀ ਲੀਡਰਸ਼ਿਪ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਤੋਂ ਪਹਿਲਾਂ ਰਾਜ ਵਿੱਚ ਚਾਰ ਰੈਲੀਆਂ ਨੂੰ ਸੰਬੋਧਨ ਕਰਨ। ਉਹ ਜਵਾਬ ਮਿਲਣ ਦੀ ਉਡੀਕ ਕਰ ਰਹੇ ਹਨ।