ਕਾਬੁਲ: ਤਾਲਿਬਾਨ ਨੇ ਅਫਗਾਨਿਸਤਾਨ ਦੇ ਹੇਰਾਂਤ ਸੂਬੇ 'ਚ ਰੈਸਟੋਰੈਂਟਾਂ 'ਚ ਮਰਦਾਂ ਅਤੇ ਔਰਤਾਂ ਦੇ ਇਕੱਠੇ ਖਾਣਾ ਖਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਨਿਯਮਾਂ ਮੁਤਾਬਕ ਪੁਰਸ਼ਾਂ ਨੂੰ ਪਰਿਵਾਰ ਸਮੇਤ ਰੈਸਟੋਰੈਂਟ 'ਚ ਖਾਣਾ ਵੀ ਨਹੀਂ ਦਿੱਤਾ ਜਾਵੇਗਾ। ਜਨਤਕ ਥਾਵਾਂ 'ਤੇ ਮਰਦ ਆਪਣੀ ਪਤਨੀ ਨਾਲ ਇਕੱਠੇ ਖਾਣਾ ਨਹੀਂ ਖਾ ਸਕਣਗੇ। ਜੇਕਰ ਉਨ੍ਹਾਂ ਨੇ ਰੈਸਟੋਰੈਂਟ 'ਚ ਖਾਣਾ ਖਾਣਾ ਹੈ ਤਾਂ ਪਤੀ ਨੂੰ ਪੁਰਸ਼ਾਂ ਲਈ ਰਾਖਵੀਂ ਸੀਟ 'ਤੇ ਅਤੇ ਪਤਨੀ ਨੂੰ ਔਰਤਾਂ ਦੀ ਸੀਟ 'ਤੇ ਵੱਖਰੇ ਤੌਰ 'ਤੇ ਬੈਠਣਾ ਹੋਵੇਗਾ।
ਤਾਲਿਬਾਨ ਦੇ ਇੱਕ ਅਧਿਕਾਰੀ ਰਿਆਜ਼ੁੱਲਾ ਸੀਰਤ ਨੇ ਕਿਹਾ ਕਿ ਰੈਸਟੋਰੈਂਟ ਮਾਲਕਾਂ ਨੂੰ ਨਿਯਮਾਂ ਬਾਰੇ ਜ਼ਬਾਨੀ ਸੂਚਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਰ ਹਾਲਤ ਵਿੱਚ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਇਕ ਔਰਤ ਨੇ ਖਾਮਾ ਪ੍ਰੈੱਸ ਨੂੰ ਦੱਸਿਆ ਕਿ ਵੀਰਵਾਰ ਨੂੰ ਹੇਰਾਤ ਦੇ ਇਕ ਰੈਸਟੋਰੈਂਟ ਦੇ ਮੈਨੇਜਰ ਨੇ ਉਸ ਨੂੰ ਅਤੇ ਉਸ ਦੇ ਪਤੀ ਨੂੰ ਵੱਖ-ਵੱਖ ਬੈਠਣ ਲਈ ਕਿਹਾ।
ਤਾਲਿਬਾਨ ਅਧਿਕਾਰੀ ਨੇ ਇਕ ਹੋਰ ਹਦਾਇਤ ਬਾਰੇ ਦੱਸਿਆ। ਨਵੇਂ ਨਿਯਮਾਂ ਅਨੁਸਾਰ ਹੇਰਾਤ ਦੇ ਪਾਰਕਾਂ ਵਿੱਚ ਮਰਦਾਂ ਅਤੇ ਔਰਤਾਂ ਦੇ ਦਾਖ਼ਲੇ ਲਈ ਵੱਖਰੇ ਦਿਨ ਨਿਰਧਾਰਤ ਕੀਤੇ ਗਏ ਹਨ। ਤਾਲਿਬਾਨ ਨੇ ਔਰਤਾਂ ਨੂੰ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪਾਰਕ ਵਿਚ ਜਾਣ ਲਈ ਕਿਹਾ। ਇਸ ਤੋਂ ਇਲਾਵਾ ਬਾਕੀ ਚਾਰ ਦਿਨ ਪੁਰਸ਼ਾਂ ਲਈ ਰਾਖਵੇਂ ਰੱਖੇ ਗਏ ਹਨ। ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਗਸਤ 'ਚ ਕੰਟਰੋਲ ਹਾਸਲ ਕਰਨ ਤੋਂ ਬਾਅਦ ਤਾਲਿਬਾਨ ਨੇ ਔਰਤਾਂ ਅਤੇ ਪੁਰਸ਼ਾਂ ਨੂੰ ਵੱਖ ਕਰਨ ਵਾਲੀਆਂ ਪਾਬੰਦੀਆਂ ਨੂੰ ਤੇਜ਼ੀ ਨਾਲ ਲਾਗੂ ਕੀਤਾ ਹੈ।
ਇਹ ਵੀ ਪੜ੍ਹੋ: Ukraine war: ਪੋਲੈਂਡ ਤੋਂ ਅਸਥਾਈ ਤੌਰ 'ਤੇ ਕੰਮ ਕਰਨ ਵਾਲਾ ਭਾਰਤੀ ਦੂਤਾਵਾਸ, ਮੁੜ ਤੋਂ ਕੀਵ 'ਚ ਸ਼ੁਰੂ ਕਰੇਗਾ ਕੰਮ
ਪਿਛਲੇ ਹਫ਼ਤੇ ਤਾਲਿਬਾਨ ਦੇ ਸੁਪਰੀਮ ਲੀਡਰ ਹਿਬਤੁੱਲਾ ਅਖੁੰਦਜ਼ਾਦਾ ਨੇ ਅਫ਼ਗਾਨਿਸਤਾਨ ਵਿੱਚ ਇੱਕ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਜੇਕਰ ਕੋਈ ਔਰਤ ਆਪਣੇ ਘਰ ਦੇ ਬਾਹਰ ਆਪਣਾ ਚਿਹਰਾ ਨਹੀਂ ਢੱਕਦੀ ਹੈ, ਤਾਂ ਉਸ ਦੇ ਪਿਤਾ ਜਾਂ ਨਜ਼ਦੀਕੀ ਮਰਦ ਰਿਸ਼ਤੇਦਾਰ ਨੂੰ ਬੁਲਾਇਆ ਜਾਵੇਗਾ ਅਤੇ ਅੰਤ ਵਿੱਚ ਉਸ ਨੂੰ ਸਰਕਾਰੀ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਸਰਕਾਰੀ ਬਿਆਨ ਮੁਤਾਬਕ ਜੋ ਔਰਤਾਂ ਬਿਨਾਂ ਹਿਜਾਬ ਦੇ ਫੜੀਆਂ ਜਾਣਗੀਆਂ, ਉਨ੍ਹਾਂ ਦਾ ਪਹਿਲਾਂ ਪਤਾ ਲਗਾ ਕੇ ਚਿਤਾਵਨੀ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮਝਾਇਆ ਜਾਵੇਗਾ। ਇਸ ਤੋਂ ਬਾਅਦ ਦੁਬਾਰਾ ਫੜੇ ਜਾਣ 'ਤੇ ਮਾਮਲਾ ਦਰਜ ਕੀਤਾ ਜਾਵੇਗਾ।
ਆਈ.ਏ.ਐਨ.ਐਸ