ਕੋਲਕਾਤਾ: ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਸ਼ੁਭੇਂਦੂ ਅਧਿਕਾਰੀ ਨੇ ਵੀਰਵਾਰ ਨੂੰ ਪੁਲਿਸ ਉੱਤੇ ਪੱਛਮੀ ਬੰਗਾਲ ਦੇ ਉੱਤਰੀ ਦਿਨਾਜਪੁਰ ਜ਼ਿਲ੍ਹੇ ਦੇ ਕਾਲੀਆਗੰਜ ਵਿੱਚ ਇੱਕ 33 ਸਾਲਾ ਭਾਜਪਾ ਵਰਕਰ ਦਾ ਗੋਲੀ ਮਾਰ ਕੇ ਕਤਲ ਦਾ ਆਰੋਪ ਲਗਾਇਆ। ਜ਼ਿਕਰਯੋਗ ਹੈ ਕਿ ਕਾਲੀਆਗੰਜ 'ਚ ਮੰਗਲਵਾਰ ਦੁਪਹਿਰ ਨੂੰ ਪੁਲਿਸ ਬਲਾਂ ਅਤੇ ਸਥਾਨਕ ਲੋਕਾਂ ਵਿਚਾਲੇ ਹੋਈ ਝੜਪ ਗੰਭੀਰ ਸੰਘਰਸ਼ 'ਚ ਬਦਲ ਗਈ ਸੀ। ਲੋਕ ਇੱਕ ਨਾਬਾਲਗ ਲੜਕੀ ਦੇ ਬਲਾਤਕਾਰ ਅਤੇ ਕਤਲ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ, ਜਿਸਦੀ ਲਾਸ਼ 21 ਅਪ੍ਰੈਲ ਨੂੰ ਬਰਾਮਦ ਕੀਤੀ ਗਈ ਸੀ। ਬੁੱਧਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਰੋਪੀ ਲਗਾਇਆ ਕਿ ਬਿਹਾਰ ਤੋਂ ਆ ਰਹੇ ਭਾਜਪਾ ਸਮਰਥਿਤ ਗੁੰਡੇ ਮੰਗਲਵਾਰ ਨੂੰ ਉੱਥੇ ਤਣਾਅ ਲਈ ਜ਼ਿੰਮੇਵਾਰ ਹਨ।
ਵੀਰਵਾਰ ਨੂੰ ਅਧਿਕਾਰੀ ਨੇ ਇੱਕ ਟਵੀਟ ਰਾਹੀਂ ਆਰੋਪ ਲਾਇਆ ਕਿ ਭਾਜਪਾ ਵਰਕਰ ਅਤੇ 33 ਸਾਲਾ ਮ੍ਰਿਤੁੰਜੇ ਬਰਮਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੇ ਵਿਧਾਇਕ ਨੇ ਆਪਣੇ ਟਵੀਟ ਵਿੱਚ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਤੜਕੇ 2.30 ਵਜੇ ਭਾਜਪਾ ਦੇ ਪੰਚਾਇਤ ਸੰਮਤੀ ਮੈਂਬਰ ਬਿਸ਼ਨੂ ਬਰਮਨ ਦੇ ਘਰ ਛਾਪਾ ਮਾਰਿਆ, ਪਰ ਉਹ ਉੱਥੇ ਨਹੀਂ ਮਿਲਿਆ। ਉਨ੍ਹਾਂ ਅਨੁਸਾਰ ਛਾਪੇਮਾਰੀ ਦੌਰਾਨ ਪੁਲਿਸ ਨੇ ਰਬਿੰਦਰ ਨਾਥ ਬਰਮਨ ਦੇ ਪੁੱਤਰ ਮ੍ਰਿਤੁੰਜੇ ਬਰਮਨ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਟਵੀਟ ਕੀਤਾ, 'ਇਹ ਰਾਜ ਦਾ ਜ਼ੁਲਮ ਅਤੇ ਦਹਿਸ਼ਤ ਹੈ ਅਤੇ ਮਮਤਾ ਬੈਨਰਜੀ ਸਮਰਾਟ ਨੀਰੋ ਵਾਂਗ ਵਿਵਹਾਰ ਕਰ ਰਹੀ ਹੈ।'
ਉਨ੍ਹਾਂ ਨੇ ਇਹ ਵੀ ਆਰੋਪ ਲਾਇਆ ਕਿ ਬੁੱਧਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਮਮਤਾ ਬੈਨਰਜੀ ਨੇ ਕਾਲੀਆਗੰਜ ਦੇ ਲੋਕਾਂ ਖਿਲਾਫ ਜੰਗ ਦਾ ਐਲਾਨ ਕੀਤਾ ਅਤੇ ਪੁਲਸ ਨੇ ਪਾਲਣਾ ਕੀਤੀ। ਉਸ ਨੇ ਇਹ ਵੀ ਟਵੀਟ ਕੀਤਾ, 'ਉਸ ਨੂੰ ਰਾਜ ਦੁਆਰਾ ਇਸ ਬੇਰਹਿਮ ਕਤਲ ਦੀ ਜ਼ਿੰਮੇਵਾਰੀ ਲੈਣੀ ਪਵੇਗੀ। ਲੋਕਾਂ ਨੂੰ ਅਜਿਹੀ ਅੰਦਰੂਨੀ ਹਿੰਸਾ ਅਤੇ ਖ਼ੂਨ-ਖ਼ਰਾਬੇ ਖ਼ਿਲਾਫ਼ ਆਵਾਜ਼ ਬੁਲੰਦ ਕਰਕੇ ਜਮਹੂਰੀ ਢੰਗ ਨਾਲ ਉੱਠਣਾ ਚਾਹੀਦਾ ਹੈ। ਖ਼ਬਰ ਲਿਖੇ ਜਾਣ ਤੱਕ ਨਾ ਤਾਂ ਸੂਬਾ ਪ੍ਰਸ਼ਾਸਨ ਅਤੇ ਨਾ ਹੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵੱਲੋਂ ਇਸ ਬਾਰੇ ਕੋਈ ਪ੍ਰਤੀਕਿਰਿਆ ਪ੍ਰਾਪਤ ਹੋਈ ਸੀ। (ਆਈਏਐਨਐਸ)
ਇਹ ਵੀ ਪੜ੍ਹੋ:- Politics: ਨਿਤੀਸ਼ ਕੁਮਾਰ ਤੋਂ ਬਾਅਦ ਲਾਲੂ ਯਾਦਵ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ, ਸਿਆਸੀ ਹਲਕਿਆਂ 'ਚ ਚਰਚਾ ਹੋਈ ਤੇਜ਼