ਚੰਡੀਗੜ੍ਹ: ਸ਼ਹੀਦ ਰਾਜਗੁਰੂ ਦਾ ਪੂਰਾ ਨਾਮ ਸ਼ਿਵਰਾਜ ਹਰੀ ਰਾਜਗੁਰੂ ਸੀ। ਸ਼ਹੀਦ ਰਾਜਗੁਰੂ (Rajguru) ਦਾ ਪਿਤਾ ਹਰੀ ਨਾਰਾਇਣ ਕੰਮ ਦੀ ਭਾਲ ਕਰਦਾ-ਕਰਦਾ ਆਪਣੇ ਪਿੰਡ ਚਾਕਨ ਤੋਂ ਜਾ ਕੇ ਪਿੰਡ ਖੇਡ (ਨਜ਼ਦੀਕ ਪੁਣੇ, ਮਹਾਰਾਸ਼ਟਰ) ਵਿੱਚ ਵਸ ਗਿਆ ਸੀ। ਇੱਥੇ ਹੀ ਰਾਜਗੁਰੂ ਦਾ ਜਨਮ 24 ਅਗਸਤ 1908 ਨੂੰ ਹੋਇਆ। ਉਹ ਹਾਲੇ ਛੇ ਵਰ੍ਹਿਆਂ ਦਾ ਹੀ ਸੀ ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਦੀ ਪਰਵਰਿਸ਼ ਉਸ ਦੇ ਵੱਡੇ ਭਰਾ ਨੇ ਕੀਤੀ। ਉਸ ਨੂੰ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਰਮਦਾ ਸੀ। ਉਹ ਤਾਂ ਹਰ ਸਮੇਂ ਖੇਡਣਾ ਚਾਹੁੰਦਾ ਸੀ। ਜਦੋਂ ਭਰਾ ਨੇ ਉਸ ਉੱਤੇ ਪੜ੍ਹਾਈ ਲਈ ਜ਼ੋਰ ਪਾਇਆ ਤਾਂ ਉਹ ਖਾਲੀ ਹੱਥ ਘਰੋਂ ਭੱਜ ਗਿਆ।
ਆਜ਼ਾਦੀ ਦਾ ਸੁਫਨਾ
ਇਸੇ ਦੌਰਾਨ ਬਨਾਰਸ (Banaras) ਦੇ ਕ੍ਰਾਂਤੀਕਾਰੀ, ਸ਼ਿਵ ਵਰਮਾ ਨੇ ਉਸ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕ੍ਰਾਂਤੀਕਾਰੀਆਂ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ। ਰਾਜਗੁਰੂ ਬਹੁਤ ਖ਼ੁਸ਼ ਹੋਇਆ। ਉਹ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ। ਉਸ ਨੇ ਗ਼ਰੀਬੀ ਵੇਖੀ ਸੀ, ਭੁੱਖ ਨੂੰ ਸਹਿਣ ਕੀਤਾ ਸੀ। ਉਹ ਇਹ ਵੀ ਜਾਣਦਾ ਸੀ ਕਿ ਦੇਸ਼ ਦੀ ਇਸ ਭੈੜੀ ਹਾਲਤ ਦਾ ਕਾਰਨ ਅੰਗਰੇਜ਼ਾਂ ਵੱਲੋਂ ਭਾਰਤ ਨੂੰ ਲੁੱਟ ਕੇ ਆਪਣਾ ਘਰ ਭਰਨਾ ਹੈ। ਉਹ ਕ੍ਰਾਂਤੀਕਾਰੀ ਦਲ ਵਿੱਚ ਸ਼ਾਮਲ ਹੋ ਗਿਆ ਤੇ ਜਲਦੀ ਹੀ ਲਾਹੌਰ ਪੁੱਜ ਗਿਆ। ਉੱਥੇ ਉਹ ਭਗਤ ਸਿੰਘ ਦਾ ਸਾਥੀ, ਪ੍ਰਸ਼ੰਸਕ ਤੇ ਦੋਸਤ ਬਣ ਗਿਆ।
ਸ਼ਹੀਦ ਰਾਜਗੁਰੂ ਤੇ ਸ਼ਹੀਦ ਭਗਤ ਸਿੰਘ ਦੀ ਦੋਸਤੀ
ਭਗਤ ਸਿੰਘ ਤੇ ਰਾਜਗੁਰੂ ਦੋਵਾਂ ਦਾ ਨਿਸ਼ਾਨਾ ਪੱਕਾ ਸੀ। ਦੋਵੇਂ ਨਿਸ਼ਾਨੇਬਾਜ਼ ਸਨ। ਸੰਨ 1928 ਵਿੱਚ ਜਦੋਂ ਲਾਲ ਲਾਜਪਤ ਰਾਏ ਦੀ ਸ਼ਹਾਦਤ ਉੱਪਰੰਤ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਅੰਗਰੇਜ਼ਾਂ ਤੋਂ ਇਸ ਅਪਮਾਨ ਦਾ ਬਦਲਾ ਲੈਣ ਦਾ ਫ਼ੈਸਲਾ ਲਿਆ ਤਾਂ ਅੰਗਰੇਜ਼ ਅਫ਼ਸਰ ਸਕਾਟ ਨੂੰ ਮਾਰਨ ਦੀ ਜ਼ਿੰਮੇਵਾਰੀ ਰਾਜਗੁਰੂ ਤੇ ਭਗਤ ਸਿੰਘ ਨੂੰ ਹੀ ਸੌਂਪੀ ਗਈ।
ਇਸ ਅਨੁਸਾਰ ਥਾਣੇ ਵਿੱਚੋਂ ਮੋਟਰਸਾਈਕਲ ਉੱਤੇ ਨਿਕਲ ਰਹੇ ਅੰਗਰੇਜ਼ ਅਫ਼ਸਰ ਉੱਤੇ ਰਾਜਗੁਰੂ ਨੇ ਗੋਲੀ ਚਲਾ ਦਿੱਤੀ ਪਰ ਇਹ ਸਕਾਟ ਨਹੀਂ ਸਾਂਡਰਸ ਸੀ, ਉਹ ਮੋਟਰਸਾਈਕਲ ਤੋਂ ਡਿੱਗ ਪਿਆ। ਡਿੱਗੇ ਪਏ ਅਫ਼ਸਰ ਉੱਤੇ ਦੋ ਗੋਲੀਆਂ ਭਗਤ ਸਿੰਘ ਨੇ ਵੀ ਚਲਾ ਦਿੱਤੀਆਂ। ਉਹ ਸਾਰੇ ਉੱਥੋਂ ਨਿਕਲ ਗਏ। ਜਦੋਂ ਸਾਰੇ ਇੱਕ ਥਾਂ ਇਕੱਠੇ ਹੋਏ ਤਾਂ ਸਭ ਰਾਜਗੁਰੂ ਦੀ ਤਾਰੀਫ਼ ਕਰਨ ਲੱਗੇ ਕਿ ਉਸ ਨੇ ਅਫ਼ਸਰ ਦੇ ਢਿੱਡ ਵਿੱਚ ਗੋਲੀ ਮਾਰੀ।
ਲਾਹੌਰ ਸਾਜ਼ਿਸ਼ ਕੇਸ
ਬੰਬ ਸੁੱਟਣ ਦੇ ਨਾਲ-ਨਾਲ ਲਾਹੌਰ ਸਾਜ਼ਿਸ਼ ਕੇਸ ਅਧੀਨ ਸੁਖਦੇਵ, ਭਗਤ ਸਿੰਘ, ਸ਼ਿਵ ਵਰਮਾ, ਗਯਾ ਪ੍ਰਸਾਦ, ਜਤਿੰਦਰਨਾਥ ਦਾਸ, ਜੈ ਦੇਵ ਕਪੂਰ, ਬਟੁਕੇਸ਼ਵਰ ਦੱਤ, ਕਮਲ ਨਾਥ, ਭਗਵਾਨ ਦਾਸ ਮਾਹੌਰ, ਜਤਿੰਦਰ ਨਾਥ ਸਾਨਿਆਲ, ਆਸ਼ਾ ਰਾਮ, ਪ੍ਰੇਮ ਦੱਤ, ਦੇਸ਼ ਰਾਜਾ, ਮਹਾਂਬੀਰ ਸਿੰਘ, ਸੁਰੇਂਦਰ ਪਾਂਡੇ, ਅਜੈ ਘੋਸ਼ ਅਤੇ ਰਾਜਗੁਰੂ ਖ਼ਿਲਾਫ਼ ਮੁਕੱਦਮਾ ਚੱਲਿਆ। ਚੰਦਰ ਸ਼ੇਖਰ ਫਰਾਰ ਸਨ। ਇਹ ਮੁਕੱਦਮਾ ਲਾਹੌਰ ਚੱਲਿਆ।
ਅਕਤੂਬਰ 1930 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾ ਦਿੱਤਾ ਗਿਆ। ਸੁਖਦੇਵ ਅਤੇ ਭਗਤ ਸਿੰਘ ਦੇ ਨਾਲ-ਨਾਲ ਰਾਜਗੁਰੂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ। ਰਾਜਗੁਰੂ ਬੇਹੱਦ ਖ਼ੁਸ਼ ਸੀ ਕਿਉਂਕਿ ਉਸ ਦੀ ਭਗਤ ਸਿੰਘ ਨਾਲ ਸ਼ਹੀਦ ਹੋਣ ਦੀ ਸੱਧਰ ਪੂਰੀ ਹੋਣ ਵਾਲੀ ਸੀ। ਉਨ੍ਹਾਂ ਨੂੰ 23 ਮਾਰਚ 1931 ਨੂੰ ਸ਼ਾਮ ਵੇਲੇ ਲਾਹੌਰ ਜੇਲ੍ਹ ਅੰਦਰ ਫਾਂਸੀ 'ਤੇ ਚੜ੍ਹਾਉਣ ਦੀ ਵਿਉਂਤ ਬਣਾਈ ਗਈ। ਉਨ੍ਹਾਂ ਨੇ ਹੱਸਦਿਆਂ-ਹੱਸਦਿਆਂ ਫਾਂਸੀ ਦੇ ਫੰਦਿਆਂ ਨੂੰ ਚੁੰਮਿਆ ਤੇ ਦੇਸ਼ ਲਈ ਸ਼ਹੀਦ ਹੋ ਗਏ।
ਇਹ ਵੀ ਪੜੋ:ਕਿਸਾਨ ਅੰਦੋਲਨ ‘ਤੇ ਸੁਪਰੀਮ ਕੋਰਟ ਦੀ ਟਿੱਪਣੀ, ਸੜ੍ਹਕਾਂ ‘ਤੇ ਆਵਾਜਾਹੀ ਨਹੀਂ ਰੋਕੀ ਜਾ ਸਕਦੀ