ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਲਿਆ ਹੈ, ਲਾਰੈਂਸ ਬਿਸ਼ਨੋਈ ਦੇ ਗੈਂਗ 'ਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਆਰੋਪ ਹੈ। ਹੁਣ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮੂਸੇਵਾਲਾ ਕਤਲ ਕਾਂਡ ਸਬੰਧੀ ਲਾਰੈਂਸ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਲਿਆ ਕੇ ਪੁੱਛਗਿੱਛ ਕਰੇਗਾ।
ਦੱਸ ਦਈਏ ਕਿ ਦਿੱਲੀ ਦੀ ਐਨਆਈਏ ਅਦਾਲਤ ਦੇ ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਇਸ ਮੌਕੇ 'ਤੇ ਉਸ ਦੀ ਪਟੀਸ਼ਨ 'ਤੇ ਕੋਈ ਵੀ ਨਿਰਦੇਸ਼ ਦੇਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਦੋਸ਼ੀ ਲਈ ਅਦਾਲਤ ਵਿੱਚ ਅਜਿਹੀ ਅਰਜ਼ੀ ਦਾਇਰ ਕਰਨ ਦਾ ਕੋਈ ਆਧਾਰ ਨਹੀਂ ਹੈ।
ਦੇਹਾਰਦੂਨ ਤੋੋਂ ਕਾਬੂ 1 ਗੈਂਗਸਟਰ ਪੁਲਿਸ ਰਿਮਾਂਡ 'ਤੇ: ਇਸ ਤੋੋਂ ਇਲਾਵਾਂ ਮਾਨਸਾ ਪੁਲਿਸ ਨੇ ਉੱਤਰਾਖੰਡ ਦੀ ਪੁਲਿਸ ਨੇ ਦੇਹਾਰਦੂਨ ਤੋੋਂ 6 ਸ਼ੱਕੀ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਇੱਕ ਮਨਪ੍ਰੀਤ ਨਾਮ ਦੇ ਗੈਂਗਸਟਰ ਨੂੰ ਮਾਨਸਾ ਦੀ ਕੋਰਟ ਵੱਲੋ 5 ਦਿਨ ਦੇ ਰਿਮਾਂਡ ਤੇ ਭੇਜਿਆ ਗਿਆ ਹੈ। ਇਹ ਹੀ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਨੇ ਹਮਲਾਵਰਾਂ ਨੂੰ ਬੋਲੈਰੋ ਗੱਡੀ ਅਤੇ ਕੋਰੋਲਾ ਗੱਡੀ ਮੁਹੱਈਆ ਕਰਵਾਉਣ ਦਾ ਸ਼ੱਕ ਹੈ।
ਬਠਿੰਡਾ ਜੇਲ੍ਹ ਵਿੱਚੋ ਵੀ ਗੈਂਗਸਟਰ ਪ੍ਰੋਡਕਸ਼ਨ ਵਰੰਟ 'ਤੇ:- ਇਸਦੇ ਨਾਲ ਸੂਤਰਾਂ ਮੁਤਾਬਿਕ ਬਠਿੰਡਾ ਜੇਲ੍ਹ ਵਿੱਚ ਬੰਦ ਸਾਰਜ ਮਿੰਟੂ ਨਾਂ ਦੇ ਗੈਂਗਸਟਰ ਨੂੰ ਪ੍ਰੋਡਕਸ਼ਨ ਵਰੰਟ ਉਪਰ ਲਿਆਂਦਾ ਗਿਆ ਹੈ, ਉਧਰ ਦੂਸਰੇ ਪਾਸੇ ਬਠਿੰਡਾ ਜ਼ਿਲ੍ਹੇ ਦੇ ਨਾਮੀ ਗੈਂਗਸਟਰ ਰਹੇ ਕੁਲਵੀਰ ਨਰੂਆਣਾ ਦੇ ਕਤਲ ਮਾਮਲੇ ਵਿੱਚ ਫ਼ਿਰੋਜ਼ਪੁਰ ਜੇਲ੍ਹ ਵਿਚ ਬੰਦ ਮਨਪ੍ਰੀਤ ਸਿੰਘ ਮੰਨਾ ਨੂੰ ਵੀ ਮਾਨਸਾ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਹੈ।
ਸਿੱਧੂ ਮੂਸੇ ਵਾਲਾ ਦੇ ਕਤਲ ਕਾਂਡ ਕਾਰਨ ਜਿੱਥੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠੇ ਸਨ ਉਥੇ ਹੀ ਵੱਡੀ ਪੱਧਰ ਉੱਪਰ ਭਗਵੰਤ ਮਾਨ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ, ਕਿਉਂਕਿ ਪਿਛਲੇ ਦਿਨੀਂ ਹੀ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਵਿੱਚ ਕਟੌਤੀ ਕੀਤੀ ਗਈ ਸੀ, ਪਰ ਹੁਣ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤੇਜ਼ੀ ਦਿਖਾਉਂਦੇ ਹੋਏ ਇਕ ਨੌਜਵਾਨ ਦੀ ਗ੍ਰਿਫ਼ਤਾਰੀ ਅਤੇ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ।
ਉਧਰ ਆਈਜੀ ਰੇਂਜ ਫ਼ਰੀਦਕੋਟ ਪ੍ਰਦੀਪ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਕ ਵਿਅਕਤੀ ਨੂੰ ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 2 ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਵੱਖ-ਵੱਖ ਜੇਲ੍ਹਾਂ ਵਿਚੋਂ ਲੈ ਕੇ ਆਏ ਹਨ।
ਨਕੋਦਰ ਤੋਂ ਇੱਕ ਸ਼ੱਕੀ ਗ੍ਰਿਫ਼ਤਾਰ ਕੀਤਾ ਸੀ: ਸੂਤਰਾਂ ਮੁਤਾਬਿਕ ਇਹ ਜਾਣਕਾਰੀ ਹੈ ਕਿ ਮੂਸੇਵਾਲਾ ਕਤਲ ਕਾਂਡ ਨਾਲ ਸਬੰਧਤ ਜਗਦੇਵ ਸਿੰਘ ਨੂੰ ਜਲੰਧਰ ਦੇ ਨਕੋਦਰ ਤੋਂ ਹਿਰਾਸਤ 'ਚ ਲਿਆ ਗਿਆ ਹੈ। ਜਿਸ ਨੇ ਗੈਂਗਸਟਰਾਂ ਨੂੰ ਸਿਮ ਮੁਹੱਈਆ ਕਰਵਾਏ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਪੁੱਛਗਿੱਛ ਕਰ ਰਹੀ ਹੈ ਕਿ ਇਸ ਨੇ ਗਿਰੋਹ ਦੇ ਮੈਂਬਰਾਂ ਨੂੰ ਸਿਮ ਵੀ ਦਿੱਤੇ ਸਨ ਜਾਂ ਨਹੀ।
ਇਸ ਤਰ੍ਹਾਂ ਚਲਾ ਰਿਹਾ ਗੈਂਗ: ਲਾਰੈਂਸ ਦੀ ਗੈਂਗ ਨੂੰ ਲੈਕੇ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਲਾਰੈਂਸ ਦੀ ਗੈਂਗ ਵਿੱਚ 600 ਦੇ ਕਰੀਬ ਸ਼ਾਰਪ ਸ਼ੂਟਰ ਹਨ ਜੋ ਵੱਖ ਵੱਖ ਜੇਲ੍ਹ ਵਿੱਚ ਬੰਦ ਹਨ ਅਤੇ ਕਈ ਬਾਹਰ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠਾ ਵੀ ਆਪਣੇ ਗਿਰੋਹ ਨੂੰ ਚਲਾ ਰਿਹਾ ਹੈ ਜੋ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਬੈਠੇ ਹਨ। ਦਿੱਲੀ ਦੀ ਜੇਲ੍ਹ ਤੋਂ ਲਾਰੈਂਸ ਪੰਜਾਬ, ਹਰਿਆਣਾ, ਰਾਜਸਥਾਨ ਦੇ ਹੋਰ ਸੂਬਿਆਂ ਵਿੱਚ ਆਪਣੇ ਗੈਂਗ ਨੂੰ ਚਲਾ ਰਿਹਾ ਹੈ।
ਮੂਸੇਵਾਲਾ ਦੇ ਕਤਲ ਦੇ ਰਾਜਸਥਾਨ ਨਾਲ ਜੁੜੇ ਤਾਰ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਕਾਫੀ ਕਰੀਬੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਇਸਦੀ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਉਸ ਵੱਲੋਂ ਸੋਸ਼ਲ ਮੀਡੀਆ ਉੱਪਰ ਪੋਸਟ ਸਾਂਝੀ ਕਰਕੇ ਇਸ ਕਤਲ ਪਿੱਛੇ ਦੀ ਜਾਣਕਾਰੀ ਦਿੱਤੀ ਗਈ ਹੈ। ਗੈਂਗਸਟਰ ਨੇ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ ਲਾਰੈਂਸ ਅਤੇ ਗੋਲਡੀ ਬਰਾੜ ਨੇ ਆਪਣੇ ਭਰਾਵਾਂ ਵਿੱਕੀ ਮਿੱਡੂਖੇੜਾ ਅਤੇ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲਿਆ ਹੈ ਜੋ ਕਿ ਲਾਰੈਂਸ ਦੇ ਬਹੁਤ ਕਰੀਬੀ ਮੰਨੇ ਜਾਂਦੇ ਹਨ।
ਗੋਲਡੀ ਤੇ ਲਾਰੈਂਸ ਦੀ ਕਹਾਣੀ: ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦਾ ਹੀ ਰਹਿਣ ਵਾਲਾ ਹੈ, ਉਹ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਿਤ ਹੈ। ਲਾਰੈਂਸ ਅਤੇ ਗੋਲਡੀ ਬਰਾੜ ਵੱਲੋਂ ਇਕੱਠਿਆਂ ਹੀ ਵਿਦਿਆਰਥੀ ਰਾਜਨੀਤੀ ਵਿੱਚ ਪੈਰ ਧਰਿਆ। ਇਸ ਤੋਂ ਬਾਅਦ ਲਾਰੈਂਸ ਵੱਲੋਂ ਅੱਗੇ ਵਧਦੇ ਹੋਏ ਵਿਦਿਆਰਥੀ ਯੂਨੀਅਨ ਦੀ ਚੋਣ ਲੜੀ ਗਈ ਜਿਸ ਸਮੇਂ ਲਾਰੈਂਸ ਵੱਲੋਂ ਇਹ ਚੋਣ ਲੜੀ ਤਾਂ ਉਸ ਸਮੇਂ ਗੋਲਡੀ ਬਰਾੜ ਉਸਦਾ ਸੀਨੀਅਰ ਹੁੰਦਾ ਸੀ ਤਾਂ ਇਸ ਦੌਰਾਨ ਦੋਵਾਂ ਦੀ ਆਪਸ ਵਿੱਚ ਗਹਿਰੀ ਦੋਸਤੀ ਹੋਈ ਤਾਂ ਇਕੱਠੇ ਹੀ ਅਪਰਾਧਿਕ ਦੁਨੀਆ ਵੱਲ ਵਧਣ ਲੱਗੇ।
600 ਤੋਂ ਵੱਧ ਸ਼ਾਰਪ ਸ਼ੂਟਰ ਗੈਂਗ ’ਚ ਨੇ ਸ਼ਾਮਿਲ: ਜਾਣਕਾਰੀ ਅਨੁਸਾਰ ਲਾਰੈਂਸ ਦੇ ਜੇਲ੍ਹ ਵਿੱਚ ਬੈਠਿਆਂ ਵੀ ਸੈਂਕੜੇ ਸ਼ਾਰਪ ਸ਼ੂਟਰ ਉਸਦੇ ਸੰਪਰਕ ਵਿੱਚ ਹਨ। ਇੰਨ੍ਹਾਂ ਸ਼ਾਰਪ ਸ਼ੂਟਰਾਂ ਦੀ ਗਿਣਤੀ 600 ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਲਾਰੈਂਸ ਅਪਰਾਧਿਕ ਦੁਨੀਆ ਨੂੰ ਲੈਕੇ ਇੱਕ ਵੱਡਾ ਸੁਪਨਾ ਆਪਣੇ ਜਹਿਨ ਵਿੱਚ ਪਾਲ ਰਿਹਾ ਹੈ ਕਿ ਉਹ ਰਾਜਸਥਾਨ ਵਿੱਚ ਮੁੰਬਈ ਵਰਗਾ ਅੰਡਰਵਰਲਡ ਬਣਾਉਣਾ ਚਾਹੁੰਦਾ ਹੈ। ਦੱਸ ਦਈਏ ਕਿ ਗੈਂਗਸਟਰ ਆਨੰਦਪਾਲ ਪੁਲਿਸ ਮੁਕਾਬਲੇ ਵਿੱਚ 2017 ਵਿੱਚ ਮਾਰਿਆ ਜਾ ਚੁੱਕਾ ਹੈ।
ਰਾਜਸਥਾਨ ’ਚ ਕਿਵੇਂ ਬਣਾਇਆ ਨੈਟਵਰਕ?: ਲਾਰੈਂਸ ਬਿਸ਼ਨੋਈ ਨੇ ਸਾਲ 2017 ਵਿੱਚ ਰਾਜਸਥਾਨ ਦੇ ਜੋਧਪੁਰ ਵਿਖੇ ਦੋ ਵੱਡੇ ਕਾਰੋਬਾਰੀਆਂ ਤੋਂ ਫਿਰੌਤੀ ਲੈਣ ਨੂੰ ਲੈਕੇ ਧਮਕੀ ਦੇ ਕੇ ਪਹਿਲੀ ਵਾਰਦਾਤ ਨੂੰ ਵਿੱਚ ਅੰਜ਼ਾਮ ਦਿੱਤਾ ਸੀ। ਉਸ ਤੋਂ ਬਾਅਦ ਫਿਰੌਤੀ ਨਾ ਮਿਲਣ ਦੇ ਚੱਲਦੇ ਲਾਰੈਂਸ ਕਾਰੋਬਾਰੀਆਂ ਦੇ ਘਰ ਬਾਹਰ ਫਾਇਰਿੰਗ ਕਰਵਾਈ ਗਈ। ਇਸ ਘਟਨਾ ਤੋਂ ਬਾਅਦ ਬਿਸ਼ਨੋਈ ਦਾ ਨਾਮ ਰਾਜਸਥਾਨ ਵਿੱਚ ਗੈਂਗਸਟਰ ਵਜੋਂ ਉਭਰ ਕੇ ਸਾਹਮਣੇ ਆਇਆ।
ਇਸੇ ਸਾਲ ਵਿੱਚ ਹੀ ਇੱਕ ਕਾਰੋਬਾਰੀ ਦੇ ਕਤਲ ਮਾਮਲੇ ਵਿੱਚ ਲਾਰੈਂਸ ਦਾ ਨਾਮ ਜੁੜਿਆ ਜਿਸ ਸਮੇਂ ਕਤਲ ਮਾਮਲੇ ਵਿੱਚ ਲਾਰੈਂਸ ਦਾ ਨਾਮ ਜੁੜਿਆ ਉਸ ਸਮੇਂ ਉਹ ਫਿਰੋਜ਼ਪੁਰ ਵਿਖੇ ਜੇਲ੍ਹ ਵਿੱਚ ਬੰਦ ਸੀ ਅਤੇ ਉਸ ਤੋਂ ਬਾਅਦ ਜਾਂਚ ਦੇ ਲਈ ਜੋਧਪੁਰ ਪੁਲਿਸ ਉਸਨੂੰ ਜਾਂਚ ਦੇ ਲਈ ਲੈਕੇ ਆਈ ਸੀ। ਇਸ ਦੌਰਾਨ ਹੀ ਲਾਰੈਂਸ ਨੇ ਰਾਜਸਥਾਨ ਵਿੱਚ ਜੇਲ੍ਹ ਵਿੱਚ ਰਹਿੰਦੇ ਹੋਏ ਆਪਣਾ ਗੈਂਗ ਨੂੰ ਹੋਰ ਵੱਡਾ ਕੀਤਾ। ਇਸ ਤੋਂ ਬਾਅਦ ਵਧਦੀਆਂ ਘਟਨਾਵਾਂ ਨੂੰ ਲੈਕੇ ਲਾਰੈਸ਼ ਬਿਸ਼ਨੋਈ ਦੀ ਜੇਲ੍ਹ ਵੀ ਤਬਦੀਲ ਕੀਤੀ ਗਈ। ਉਸਨੂੰ ਅਜਮੇਰ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਰਾਜਸਥਾਨ ’ਚ ਕਿਵੇਂ ਫੈਲਾ ਰਿਹਾ ਹੈ ਗੈਂਗ:? ਬਿਸ਼ਨੋਈ ਕਿਹਾ ਜਾ ਰਿਹਾ ਹੈ ਲਾਰੈਂਸ ਵੱਲੋਂ ਇੱਕ ਵਿਦਿਆਰਥੀ ਯੂਨੀਅਨ ਦੇ ਰਾਹੀਂ ਆਪਣੀ ਗੈਂਗ ਨੂੰ ਵਧਾ ਰਿਹਾ ਹੈ। ਜਿਸ ਵਿਦਿਆਰਥੀ ਯੂਨੀਅਨ ਰਾਹੀਂ ਲਾਰੈਂਸ ਆਪਣੇ ਗੈਂਗ ਨੂੰ ਵਧਾ ਰਿਹਾ ਹੈ ਉਸਦਾ ਨਾਮ ਸੋਪੂ (SOPU) ਸਟੂਡੈਂਟ ਯੂਨੀਅਨ ਆਫ ਪੰਜਾਬ ਯੂਨੀਵਰਸਿਟੀ ਹੈ। ਗੈਂਗਸਟਰ ਵੱਲੋਂ ਇਸ ਯੂਨੀਅਨ ਦੇ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਿਆ ਜਾ ਰਿਹਾ ਹੈ ਜੋ ਰਾਜਸਥਾਨ ਦੀ ਯੂਨੀਵਰਸਿਟੀ ਅਤੇ ਉੱਥੋਂ ਦੇ ਵੱਖ ਵੱਖ ਕਾਲਜਾਂ ਵਿੱਚ ਪੜ੍ਹਦੇ ਹਨ।
ਇਹ ਵੀ ਪੜੋ:- ਪੌਲੀਵੁੱਡ ’ਤੇ ਕਿਉਂ ਮੰਡਰਾ ਰਿਹਾ ਹੈ ਗੈਂਗਸਟਰਾਂ ਦਾ ਖਤਰਾ ? ਜਾਣੋ ਇਸ ਖਾਸ ਰਿਪੋਰਟ ’ਚ...