ਹੈਦਰਾਬਾਦ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ (Sourav Ganguly) ਕੋਵਿਡ ਨਾਲ ਸੰਕਰਮਿਤ ਹੋ ਗਏ ਹਨ। ਬੀ.ਸੀ.ਸੀ.ਆਈ. ਦੇ ਸੂਤਰਾਂ ਅਨੁਸਾਰ ਆਰਟੀ-ਪੀਸੀਆਰ (RT-PCR) ਟੈਸਟ ਵਿੱਚ ਸਕਾਰਾਤਮਕ ਰਿਪੋਰਟ ਆਉਣ ਤੋਂ ਬਾਅਦ, ਉਨ੍ਹਾਂ ਨੂੰ ਕੋਲਕਾਤਾ ਦੇ ਹਸਪਤਾਲ ਲਿਜਾਇਆ ਗਿਆ ਹੈ। ਹਾਲਾਂਕਿ, ਉਨ੍ਹਾਂ ਦੀ ਹਾਲਾਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਸੌਰਵ ਗਾਂਗੁਲੀ (Sourav Ganguly) ਦੇ ਕੋਰੋਨਾ (Corona) ਸੈਂਪਲ ਨੂੰ ਹੁਣ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ ਹੈ, ਓਮੀਕਰੋਨ ਵੇਰੀਐਂਟ ਦੀ ਜਾਂਚ ਲਈ।
ਜਨਵਰੀ 2021 ਵਿੱਚ, ਛਾਤੀ ਵਿੱਚ ਦਰਦ ਤੋਂ ਬਾਅਦ ਉਸਨੂੰ ਐਂਜੀਓਪਲਾਸਟੀ ਕਰਵਾਉਣੀ ਪਈ। ਹਸਪਤਾਲ 'ਚ ਕੁਝ ਦਿਨ ਬਿਤਾਉਣ ਤੋਂ ਬਾਅਦ ਜਦੋਂ ਗਾਂਗੁਲੀ ਘਰ ਪਹੁੰਚੇ, ਉਦੋਂ ਵੀ ਉਹ ਡਾਕਟਰਾਂ ਦੀ ਨਿਗਰਾਨੀ 'ਚ ਸਨ। ਕੁਝ ਦਿਨ ਪਹਿਲਾਂ ਉਹ ਵਿਰਾਟ ਕੋਹਲੀ ਨਾਲ ਹੋਏ ਵਿਵਾਦ ਕਾਰਨ ਵੀ ਸੁਰਖੀਆਂ 'ਚ ਰਹੇ ਸਨ। ਦੂਜੇ ਪਾਸੇ ਸੌਰਵ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦੀ ਚਿੰਤਾ ਵਧ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੀ ਲਾਗ ਦੇ ਇੱਕ ਨਵੇਂ ਰੂਪ ‘ਓਮਾਈਕਰੋਨ’ ਦੇ 653 ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਾਹਮਣੇ ਆਏ ਹਨ।
ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 6,358 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 3,47,99,691 ਹੋ ਗਈ ਹੈ। ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ 293 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,80,290 ਹੋ ਗਈ ਹੈ।
ਇਹ ਵੀ ਪੜ੍ਹੋ: Year Ender 2021: ਸਾਲ 2021 ਇਨ੍ਹਾਂ 21 ਕਾਰਨਾਂ ਕਰਕੇ ਯਾਦ ਰੱਖਿਆ ਜਾਵੇਗਾ