ਨਵੀਂ ਦਿੱਲੀ : ਦਿੱਲੀ ਦੇ ਰੋਹਿਣੀ ਕੋਰਟ ਕੰਪਲੈਕਸ 'ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਐਂਟਰੀ 'ਚ ਸੁਰੱਖਿਆ ਚੈਕਿੰਗ ਦੌਰਾਨ ਚੈਕਿੰਗ ਅਧਿਕਾਰੀ ਅਤੇ ਵਕੀਲ ਵਿਚਾਲੇ ਲੜਾਈ ਹੋ ਗਈ। ਇਸ ਝਗੜੇ ਕਾਰਨ ਵਕੀਲ 'ਤੇ ਗੋਲੀ ਚਲਾ ਦਿੱਤੀ ਗਈ ਹੈ। ਹਾਲਾਂਕਿ ਇਸ ਹਮਲੇ 'ਚ ਵਕੀਲ ਵਾਲ-ਵਾਲ ਬਚ ਗਿਆ।
ਅੱਜ ਸਵੇਰੇ 10 ਵਜੇ ਦੇ ਕਰੀਬ ਰੋਹਿਣੀ ਅਦਾਲਤ ਵਿੱਚ ਗੋਲੀਬਾਰੀ ਦੀ ਆਵਾਜ਼ ਆਉਣ ਕਾਰਨ ਅਦਾਲਤ ਦੇ ਬਾਹਰ ਅਤੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਦਰਅਸਲ ਰੋਹਿਣੀ ਕੋਰਟ ਦੇ ਗੇਟ ਨੰਬਰ 8 ਦੇ ਕੋਲ ਸੰਜੀਵ ਚੌਧਰੀ ਅਤੇ ਰਿਸ਼ੀ ਚੋਪੜਾ ਨਾਮ ਦੇ ਵਕੀਲਾਂ ਦੀ ਰੋਹਿਤ ਨਾਮ ਦੇ ਇੱਕ ਹੋਰ ਵਿਅਕਤੀ ਨਾਲ ਝਗੜਾ ਹੋ ਰਿਹਾ ਸੀ, ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਅਤੇ ਇਹ ਲੋਕ ਅਦਾਲਤ ਦੇ ਗੇਟ ਨੰਬਰ 8 ਦੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਮੌਕੇ 'ਤੇ ਮੌਜੂਦ ਨੈਪ ਦੇ ਇਕ ਹੌਲਦਾਰ ਨੇ ਲੜ ਰਹੇ ਵਕੀਲ ਅਤੇ ਹੋਰ ਵਿਅਕਤੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।
ਜਿਸ ਤੋਂ ਬਾਅਦ ਵਕੀਲਾਂ ਨੇ ਸੁਰੱਖਿਆ ਅਧਿਕਾਰੀ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ, ਜਿਸ ਤੋਂ ਬਾਅਦ ਸੁਰੱਖਿਆ ਅਧਿਕਾਰੀ ਨੇ ਜ਼ਮੀਨ 'ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੋਵਾਂ ਵਕੀਲਾਂ ਨੂੰ ਲੱਗੀਆਂ, ਜਿਸ ਨਾਲ ਦੋਵੇਂ ਜ਼ਖ਼ਮੀ ਹੋ ਗਏ। ਦੋਵੇਂ ਜ਼ਖਮੀ ਵਕੀਲਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗੋਲੀਬਾਰੀ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਗੋਲੀਬਾਰੀ ਕਰਨ ਵਾਲੇ ਕੋਲੋਂ ਉਸ ਦੀ ਰਾਈਫਲ ਅਤੇ ਖਾਲੀ ਖੋਲ ਬਰਾਮਦ ਕੀਤਾ।
ਇਸ ਦੇ ਨਾਲ ਹੀ ਇਸ ਘਟਨਾ ਤੋਂ ਬਾਅਦ ਵਕੀਲਾਂ 'ਚ ਗੁੱਸਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸੁਰੱਖਿਆ ਸਾਡੀ ਸੁਰੱਖਿਆ ਲਈ ਲਗਾਈ ਗਈ ਹੈ, ਜੇਕਰ ਉਹ ਸਾਡੇ ਖਤਰੇ ਦਾ ਕਾਰਨ ਬਣ ਗਈ ਹੈ ਤਾਂ ਉਹ ਅਜਿਹੀ ਸੁਰੱਖਿਆ ਨਹੀਂ ਚਾਹੁੰਦੇ। ਵਕੀਲਾਂ ਨੇ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਧਰਨਾ ਦੇਣਗੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਜਾਂਚ ਜਾਰੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਰੋਹਿਣੀ ਅਦਾਲਤ ਵਿੱਚ ਸ਼ੂਟਆਊਟ ਦੀ ਘਟਨਾ ਬੀਤੇ ਸਾਲ 26 ਸਤੰਬਰ, 2021 ਨੂੰ ਸਾਹਮਣੇ ਆਈ ਸੀ। ਉਸ ਸਮੇਂ ਵਿਚਾਰਾਧੀਨ ਕੈਦੀ ਜਿਤੇਂਦਰ ਮਾਨ ਗੋਗੀ ਦੀ ਰੋਹਿਣੀ ਕੋਰਟ ਰੂਮ ਦੇ ਅੰਦਰ ਵਕੀਲ ਦੀ ਕੱਪੜਿਆਂ ਵਿੱਚ ਆਏ 2 ਗੈਂਗਸਟਰਾਂ ਰਾਹੁਲ ਅਤੇ ਜਗਦੀਪ ਉਰਫ਼ ਜੱਗਾ ਨੇ ਜਜ ਦੇ ਸਾਹਮਣੇ ਹੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਸੀ। ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਦੋਨੋਂ ਮਾਰੇ ਗਏ ਸਨ। ਦੋਨੋਂ ਹਮਲਾਵਰ ਟਿੱਲੂ ਤਾਜਪੁਰੀਆ ਗੈਂਗ ਨਾਲ ਸੰਬਧਤ ਹਨ।
ਇਹ ਵੀ ਪੜ੍ਹੋ : ਕੇਂਦਰ ਵਲੋਂ ਹਥਿਆਰਬੰਦ ਬਲਾਂ ਲਈ ਜੋਖਮ ਅਤੇ ਮੁਸ਼ਕਲ ਭੱਤੇ ਵਿੱਚ ਵਾਧਾ