ਬਰਹਮਪੁਰ : ਉੜੀਸਾ ਦੇ ਬ੍ਰਹਮਪੁਰ 'ਚ ਮੰਗਲਵਾਰ ਨੂੰ ਸਿਕੰਦਰਾਬਾਦ-ਅਗਰਤਲਾ ਐਕਸਪ੍ਰੈੱਸ ਰੇਲਗੱਡੀ ਵਿੱਚ ਅੱਗ ਲੱਗੀ ਹੈ। ਰੇਲ ਗੱਡੀ ਦੇ ਪੰਜ ਡੱਬਿਆਂ ਨੂੰ ਅੱਗ ਲੱਗਣ ਦੀ ਜਾਣਕਾਰੀ ਹੈ। ਇਸ ਗੱਡੀ 'ਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਬਾਲਾਸੋਰ ਰੇਲ ਹਾਦਸੇ ਤੋਂ ਬਾਅਦ ਲੋਕ ਇੰਨੇ ਡਰੇ ਹੋਏ ਹਨ ਕਿ ਏਸੀ ਕੋਚ 'ਚੋਂ ਧੂੰਆਂ ਉੱਠਦਾ ਦੇਖ ਸਾਰੇ ਯਾਤਰੀ ਰੇਲਗੱਡੀ 'ਚੋਂ ਹੇਠਾਂ ਉਤਰ ਗਏ। ਦੱਸਿਆ ਜਾ ਰਿਹਾ ਹੈ ਕਿ ਬੀ-5 ਏਸੀ ਕੋਚ ਦੇ ਇਲੈਕਟ੍ਰਿਕ ਇੰਸਟਾਲੇਸ਼ਨ ਤੋਂ ਧੂੰਆਂ ਨਿਕਲਿਆ।
ਸ਼ਾਰਟ ਸਰਕਿਟ ਨਾਲ ਲੱਗੀ ਅੱਗ : ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਸਿਕੰਦਰਾਬਾਦ ਤੋਂ ਅਗਰਤਲਾ ਜਾ ਰਹੀ ਐਕਸਪ੍ਰੈਸ ਟਰੇਨ ਵਿੱਚ ਅਚਾਨਕ ਧੂੰਆਂ ਨਿਕਲਦਾ ਦੇਖਿਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਰੇਲਗੱਡੀ ਬ੍ਰਹਮਪੁਰ ਰੇਲਵੇ ਸਟੇਸ਼ਨ ਪਹੁੰਚੀ। ਟਰੇਨ ਦੇ ਬੀ-5 ਕੋਚ 'ਚੋਂ ਧੂੰਆਂ ਨਿਕਲਦਾ ਦੇਖ ਸਾਰੇ ਯਾਤਰੀ ਡਰ ਗਏ ਅਤੇ ਬਾਹਰ ਨਿਕਲਣ ਲੱਗੇ। ਬਾਅਦ ਵਿੱਚ ਰੇਲਵੇ ਵਿਭਾਗ ਵੱਲੋਂ ਦੱਸਿਆ ਗਿਆ ਕਿ ਟਰੇਨ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਇਸ ਦੇ ਨਾਲ ਹੀ ਯਾਤਰੀ ਤੁਰੰਤ ਟਰੇਨ ਤੋਂ ਹੇਠਾਂ ਉਤਰ ਗਏ ਅਤੇ ਕੋਚ ਬਦਲਣ ਦੀ ਮੰਗ ਕੀਤੀ।
ਈਸਟ ਕੋਸਟ ਰੇਲਵੇ (ਈਸੀਓਆਰ) ਨੇ ਕਿਹਾ, "ਇਹ ਸੂਚਨਾ ਮਿਲੀ ਹੈ ਕਿ ਬ੍ਰਹਮਪੁਰ ਸਟੇਸ਼ਨ ਦੇ ਕੋਲ ਟਰੇਨ ਨੰਬਰ 07030 ਸਿਕੰਦਰਾਬਾਦ-ਅਗਰਤਲਾ ਐਕਸਪ੍ਰੈਸ ਦੇ ਕੋਚ ਨੰਬਰ ਬੀ-5 ਵਿੱਚ ਮਾਮੂਲੀ ਬਿਜਲੀ ਦੀ ਸਮੱਸਿਆ ਹੈ। ਡਿਊਟੀ 'ਤੇ ਮੌਜੂਦ ਸਟਾਫ ਨੇ ਤੁਰੰਤ ਸਮੱਸਿਆ ਨੂੰ ਠੀਕ ਕੀਤਾ।"
ਜੇਕਰ ਦੇਖਿਆ ਜਾਵੇ ਤਾਂ ਉੜੀਸਾ 'ਚ ਲਗਾਤਾਰ ਰੇਲ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇੱਕ ਪਾਸੇ ਕੋਰੋਮੰਡਲ ਐਕਸਪ੍ਰੈਸ ਹਾਦਸੇ ਦਾ ਨਜ਼ਾਰਾ ਲੋਕਾਂ ਦੇ ਮਨਾਂ ਤੋਂ ਹਟਿਆ ਨਹੀਂ ਸੀ ਕਿ ਸੋਮਵਾਰ ਨੂੰ ਬਰਗਾੜੀ ਵਿਖੇ ਇੱਕ ਮਾਲ ਗੱਡੀ ਦੇ ਪਟੜੀ ਤੋਂ ਉਤਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭਟਲੀ ਸਾਂਬਰਧਾਰਾ ਨੇੜੇ ਰੇਲਗੱਡੀ ਦੀਆਂ ਚਾਰ ਬੋਗੀਆਂ ਪਟੜੀ ਤੋਂ ਉਤਰ ਗਈਆਂ। ਚੇਨਈ ਜਾਣ ਵਾਲੀ ਕੋਰੋਮੰਡਲ ਐਕਸਪ੍ਰੈਸ, ਹਾਵੜਾ ਜਾ ਰਹੀ SMVP-ਹਾਵੜਾ ਸੁਪਰਫਾਸਟ ਐਕਸਪ੍ਰੈਸ ਅਤੇ ਇੱਕ ਮਾਲ ਗੱਡੀ ਬਹਿੰਗਾ ਬਾਜ਼ਾਰ ਰੇਲਵੇ ਸਟੇਸ਼ਨ ਦੇ ਨੇੜੇ ਪਟੜੀ ਤੋਂ ਉਤਰ ਗਈ, ਜਿਸ ਵਿੱਚ 275 ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖਮੀ ਹੋ ਗਏ। (ਵਾਧੂ ਇਨਪੁਟ-ਏਜੰਸੀ)