ਚੰਡੀਗੜ੍ਹ: ਹਰਿਆਣਾ ਦੇ ਸਰਪੰਚਾਂ ਨੇ ਈ-ਟੈਂਡਰਿੰਗ ਦੇ ਵਿਰੋਧ ਵਿੱਚ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਧਰਨਾਕਾਰੀ ਸਰਪੰਚਾਂ ਨੂੰ ਬੈਰੀਕੇਡ ਲਾ ਕੇ ਰਸਤੇ ਵਿੱਚ ਹੀ ਰੋਕ ਲਿਆ ਪਰ ਸਰਪੰਚਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁੱਝ ਸਰਪੰਚਾਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਸਰਪੰਚਾਂ 'ਤੇ ਲਾਠੀਚਾਰਜ ਕੀਤਾ, ਸਰਪੰਚ ਚੰਡੀਗੜ੍ਹ ਪੁਲਿਸ ਦੀ ਬੈਰੀਕੇਡਿੰਗ ਤੋੜਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਹਰਿਆਣਾ ਸਰਪੰਚ ਐਸੋਸੀਏਸ਼ਨ ਵਫ਼ਦ: ਸਰਪੰਚਾਂ ਦੇ ਰੋਹ ਦੇ ਮੱਦੇਨਜ਼ਰ ਮੁੱਖ ਮੰਤਰੀ ਮਨੋਹਰ ਲਾਲ ਦੇ ਓਐਸਡੀ ਭੁਪੇਸ਼ਵਰ ਦਿਆਲ ਹਾਊਸਿੰਗ ਬੋਰਡ ਚੌਕ ਵਿੱਚ ਗੱਲਬਾਤ ਲਈ ਪੁੱਜੇ। ਉਨ੍ਹਾਂ ਇੱਥੇ ਹਰਿਆਣਾ ਸਰਪੰਚ ਐਸੋਸੀਏਸ਼ਨ ਦੇ ਵਫ਼ਦ ਨਾਲ ਗੱਲਬਾਤ ਕੀਤੀ, ਪਰ ਇਸ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਸਰਪੰਚਾਂ ਦਾ ਵਫ਼ਦ ਇਸ ਗੱਲ 'ਤੇ ਅੜੇ ਹੋਇਆ ਹੈ ਕਿ ਉਹ ਮੁੱਖ ਮੰਤਰੀ ਨਾਲ ਗੱਲ ਕੀਤੇ ਬਿਨਾਂ ਇੱਥੋਂ ਵਾਪਸ ਨਹੀਂ ਪਰਤਣਗੇ। ਸਰਪੰਚ ਵਫ਼ਦ ਵਾਰ-ਵਾਰ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਸਿਰਫ਼ ਮੁੱਖ ਮੰਤਰੀ ਨਾਲ ਗੱਲ ਕਰਨੀ ਹੈ। ਮੁੱਖ ਮੰਤਰੀ ਦੇ ਓਐਸਡੀ ਭੁਪੇਸ਼ਵਰ ਦਿਆਲ ਨੇ ਸਰਪੰਚਾਂ ਨੂੰ ਸੜਕ ’ਤੇ ਉਤਰਨ ਦੀ ਅਪੀਲ ਕੀਤੀ। ਉਨ੍ਹਾਂ ਨਾਲ ਸਰਕਾਰ ਦੀ ਤਰਫੋਂ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਚਾਇਤ ਮੰਤਰੀ ਦਵਿੰਦਰ ਬਬਲੀ ਇਸ ਸਬੰਧੀ ਗੱਲਬਾਤ ਕਰਨਗੇ, ਇਸ ਮੀਟਿੰਗ ਤੋਂ ਬਾਅਦ ਇੱਕ ਵਾਰ ਫਿਰ ਮਾਹੌਲ ਤਣਾਅਪੂਰਨ ਹੋ ਗਿਆ। ਸਰਪੰਚਾਂ ਨੇ ਪੁਲਿਸ ’ਤੇ ਪਥਰਾਅ ਕੀਤਾ, ਜਿਸ ਦੇ ਜਵਾਬ ਵਿੱਚ ਪੁਲੀਸ ਨੇ ਸਰਪੰਚਾਂ ’ਤੇ ਲਾਠੀਚਾਰਜ ਕੀਤਾ।
ਮੁੱਖ ਮੰਤਰੀ ਨਿਵਾਸ ਦਾ ਘਿਰਾਓ: ਤੈਅ ਪ੍ਰੋਗਰਾਮ ਅਨੁਸਾਰ ਹਰਿਆਣਾ ਦੇ ਸਰਪੰਚਾਂ ਨੇ ਸਵੇਰ ਤੋਂ ਹੀ ਪੰਚਕੂਲਾ ਸੈਕਟਰ 5 ਦੇ ਸ਼ਾਲੀਮਾਰ ਮੈਦਾਨ ਵਿੱਚ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਸਰਪੰਚ ਇਕੱਠੇ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋਏ। ਚੰਡੀਗੜ੍ਹ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਪੁੱਜੇ ਸਰਪੰਚਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਦੱਸ ਦੇਈਏ ਕਿ ਸਰਪੰਚ ਈ-ਟੈਂਡਰਿੰਗ ਨੂੰ ਖਤਮ ਕਰਨ, ਸਰਪੰਚਾਂ ਨੂੰ 30,000 ਤਨਖਾਹ ਅਤੇ ਪੰਚਾਂ ਨੂੰ 5,000 ਤਨਖਾਹ, ਪੈਨਸ਼ਨ ਦੀ ਸਹੂਲਤ ਅਤੇ ਹੋਰ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਦੱਸ ਦਈਏ ਸਰਪੰਚਾਂ ਨੇ ਆਪਣੇ ਇਸ ਐਕਸ਼ਨ ਨੂੰ ਲੈਕੇ ਕਈ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੱਸ ਦਿੱਤਾ ਸੀ ਅਤੇ ਇਸ ਨੂੰ ਲੈਕੇ ਹਰਿਆਣਾ ਸਰਕਾਰ ਨੇ ਵੀ ਵੱਡੇ ਪੱਧਰ ਉੱਤੇ ਪ੍ਰਬੰਧ ਕਰਦਿਆਂ ਭਾਰੀ ਗਿਣਤੀ ਵਿੱਚ ਸਥਾਨਕ ਪੁਲਿਸ ਦੇ ਨਾਲ ਨਾਲ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਸੀ।
ਇਹ ਵੀ ਪੜ੍ਹੋ: G20 Foreign Ministers Meet: ਮਹਿੰਗੀ ਕਾਰ ਵਿੱਚ ਚੋਰੀ ਕਰਕੇ ਲੈ ਜਾ ਰਿਹਾ ਸੀ ਫੁੱਲ, ਮੌਕੇ 'ਤੇ ਕਾਬੂ