ਕੁੱਲੂ (ਹਿਮਾਚਲ): ਜ਼ਿਲ੍ਹਾ ਕੁੱਲੂ ਦੇ ਸੈਲਾਨੀ ਸ਼ਹਿਰ ਮਨਾਲੀ ਵਿੱਚ ਇੱਕ ਵਿਦੇਸ਼ੀ ਨਾਗਰਿਕ ਨੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਵਿਦੇਸ਼ੀ ਨਾਗਰਿਕ ਰੂਸ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਜੋ ਪਿਛਲੇ ਦਿਨੀਂ ਆਪਣੀ ਪ੍ਰੇਮਿਕਾ ਨਾਲ ਘੁੰਮਣ ਲਈ ਇੱਥੇ ਆਇਆ ਸੀ। ਮਨਾਲੀ ਪੁਲਿਸ ਟੀਮ ਨੇ ਇਸ ਬਾਰੇ ਰੂਸੀ ਦੂਤਘਰ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ। ਮਨਾਲੀ ਪੁਲਸ ਮੁਤਾਬਕ ਰੂਸੀ ਨਾਗਰਿਕ ਕ੍ਰਾਈਲੋਵ 31 ਜਨਵਰੀ ਨੂੰ ਅਲੀਸਾ ਲਾਜ਼ਾਰੇਵਾ ਨਾਂ ਦੀ ਆਪਣੀ ਪ੍ਰੇਮਿਕਾ ਨਾਲ ਮਨਾਲੀ ਆਇਆ ਸੀ। ਦੋਵੇਂ ਮਨਾਲੀ ਦੇ ਨਾਲ ਲੱਗਦੇ ਪਿੰਡ ਜਗਤਸੁਖ ਵਿੱਚ ਹੋਮ ਸਟੇਅ ਵਿੱਚ ਰਹਿ ਰਹੇ ਸਨ।
ਮ੍ਰਿਤਕ ਰੂਸੀ ਸੈਲਾਨੀ ਦੀ ਪ੍ਰੇਮਿਕਾ ਅਲੀਸਾ ਨੇ ਮਨਾਲੀ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਹੈ ਕਿ ਉਸ ਦਾ ਦੋਸਤ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ। ਜਿਸ ਕਾਰਨ ਦੋਵਾਂ ਵਿੱਚ ਲੜਾਈ ਝਗੜਾ ਹੁੰਦਾ ਸੀ। ਅਲੀਸਾ ਮੁਤਾਬਕ ਝਗੜੇ ਤੋਂ ਬਾਅਦ ਉਹ ਉਸ ਨੂੰ ਛੱਡ ਕੇ ਮਨਾਲੀ ਦੇ ਕਿਸੇ ਹੋਰ ਹੋਟਲ 'ਚ ਰਹਿ ਰਹੀ ਸੀ। ਸ਼ੁੱਕਰਵਾਰ ਸਵੇਰੇ ਜਦੋਂ ਉਹ ਉਸ ਨੂੰ ਮਿਲਣ ਲਈ ਜਗਤਸੁਖ ਦੇ ਘਰ ਪਹੁੰਚੀ ਤਾਂ ਕਮਰੇ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ। ਕਿਸੇ ਤਰ੍ਹਾਂ ਜਦੋਂ ਉਹ ਖਿੜਕੀ ਰਾਹੀਂ ਕਮਰੇ ਵਿੱਚ ਪਹੁੰਚੀ ਤਾਂ ਨਿਕਿਤਾ ਕ੍ਰਿਲੋਵ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਉਸ ਨੇ ਹੋਮ ਸਟੇਅ ਦੇ ਮਾਲਕ ਰਾਹੀਂ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: Adani VS Hindenburg: ਅਡਾਨੀ ਨੇ ਹਿੰਡਨਬਰਗ ਵਿਰੁੱਧ ਖੋਲ੍ਹਿਆ ਮੋਰਚਾ , ਅਮਰੀਕੀ ਲੀਗਲ ਟੀਮ ਨੂੰ ਕੀਤਾ ਹਾਇਰ
ਡੀਐਸਪੀ ਮਨਾਲੀ ਹੇਮਰਾਜ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪੁੱਜੀ ਅਤੇ ਮ੍ਰਿਤਕ ਰੂਸੀ ਸੈਲਾਨੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਕਮਿਊਨਿਟੀ ਹੈਲਥ ਸੈਂਟਰ ਮਨਾਲੀ ਭੇਜ ਦਿੱਤਾ। ਪੁਲਿਸ ਮੁਤਾਬਿਕ ਇਸ ਸਬੰਧੀ ਰੂਸੀ ਦੂਤਘਰ ਨੂੰ ਸੂਚਿਤ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਧਾਰਾ 147 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਪੋਸਟਮਾਰਟਮ ਦੀ ਰਿਪੋਰਟ ਦਾ ਵੀ ਇੰਤਜ਼ਾਰ ਹੈ।